Site icon TheUnmute.com – Punjabi News

ਕਾਲੇ ਮੋਤੀਏ ਤੋਂ ਬਚਾਅ ਲਈ ਸਮੇਂ ਸਿਰ ਜਾਂਚ ਕਰਾਈ ਜਾਵੇ: ਡਾ. ਰੇਨੂੰ ਸਿੰਘ

black cataract

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਮਾਰਚ 2024: ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਹਫ਼ਤੇ ਦੌਰਾਨ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਿਥੇ ਜਾਂਚ ਅਤੇ ਇਲਾਜ ਕੈਂਪ ਚੱਲ ਰਹੇ ਹਨ, ਉਥੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਦੱਸਿਆ ਕਿ ਇਹ ਹਫ਼ਤਾ 10 ਮਾਰਚ ਤੋਂ 16 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਲੋਕੋਮਾ ਕਿਸੇ ਵੀ ਵਿਅਕਤੀ ਨੂੰ ਹੋ ਸਕਦਾ ਹੈ। ਇਹ ਖ਼ਾਨਦਾਨੀ ਬੀਮਾਰੀ ਹੈ। ਜੇ ਪਰਵਾਰ ਵਿਚ ਕਿਸੇ ਨੂੰ ਗਲੋਕੋਮਾ ਹੈ ਤਾਂ ਬੱਚੇ ਨੂੰ ਵੀ ਇਹ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ 40 ਸਾਲ ਦੀ ਉਮਰ ਮਗਰੋਂ ਗਲੋਕੋਮਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਇਸ ਰੋਗ (black cataract) ਬਾਰੇ ਵਿਸਥਾਰ ਨਾਲ ਦਸਦਿਆਂ ਉਨ੍ਹਾਂ ਕਿਹਾ ਕਿ ਸਾਡੀ ਅੱਖ ਗੁਬਾਰੇ ਜਿਹੀ ਹੁੰਦੀ ਹੈ ਜਿਸ ਅੰਦਰ ਤਰਲ ਪਦਾਰਥ ਭਰਿਆ ਹੁੰਦਾ ਹੈ। ਅੱਖਾਂ ਦਾ ਇਹ ਤਰਲ ਪਦਾਰਥ ਲਗਾਤਾਰ ਅੱਖਾਂ ਅੰਦਰ ਬਣਦਾ ਰਹਿੰਦਾ ਹੈ ਅਤੇ ਬਾਹਰ ਨਿਕਲਦਾ ਰਹਿੰਦਾ ਹੈ। ਤਰਲ ਪਦਾਰਥ ਦੇ ਪੈਦਾ ਹੋਣ ਅਤੇ ਬਾਹਰ ਨਿਕਲਣ ਦੀ ਪ੍ਰਕਿ੍ਰਆ ਵਿਚ ਜਦ ਕਦੇ ਦਿੱਕਤ ਆਉਂਦੀ ਹੈ ਤਾਂ ਅੱਖਾਂ ਵਿਚ ਦਬਾਅ ਵਧ ਜਾਂਦਾ ਹੈ। ਅੱਖਾਂ ਵਿਚ ਕੋਸ਼ਿਕਾਵਾਂ ਵੀ ਹੁੰਦੀਆਂ ਹਨ ਜਿਹੜੀਆਂ ਕਿਸੇ ਵਸਤੂ ਬਾਰੇ ਸੰਕੇਤ ਦਿਮਾਗ਼ ਨੂੰ ਭੇਜਦੀਆਂ ਹਨ। ਅੱਖਾਂ ’ਤੇ ਵਧਿਆ ਦਬਾਅ ਇਨ੍ਹਾਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਹੌਲੀ ਹੌਲੀ ਕਮਜ਼ੋਰ ਹੋਣ ਲਗਦੀ ਹੈ। ਇਹੋ ਕਾਲੇ ਮੋਤੀਆ ਦੇ ਲੱਛਣ ਹੋ ਸਕਦੇ ਹਨ। ਜੇ ਸਮੇਂ ਸਿਰ ਪਤਾ ਨਾ ਲੱਗੇ ਤਾਂ ਵਿਅਕਤੀ ਅੰਨ੍ਹਾ ਵੀ ਹੋ ਸਕਦਾ ਹੈ।

ਡਾ. ਰੇਨੂੰ ਸਿੰਘ ਨੇ ਦੱਸਿਆ ਕਿ ਜੇ ਅੱਖਾਂ ਭਾਰੀਆਂ-ਭਾਰੀਆਂ ਲੱਗਣ, ਪੂਰੇ ਦਿਨ ਦੇ ਕੰਮ ਮਗਰੋਂ ਅੱਖ ਜਾਂ ਸਿਰ ਵਿਚ ਦਰਦ ਹੋਵੇ, ਅੱਖਾਂ ਲਾਲ ਰਹਿਣ ਤੇ ਐਨਕ ਦਾ ਨੰਬਰ ਵਾਰ-ਵਾਰ ਬਦਲਣਾ ਪਵੇ ਤਾਂ ਇਹ ਗਲੋਕੋਮਾ ਜਾਂ ਕਾਲੇ ਮੋਤੀਏ ਦੇ ਲੱਛਣ ਹੋ ਸਕਦੇ ਹਨ। ਅਜਿਹਾ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਵੇਲੇ ਸਿਰ ਜਾਂਚ ਕਰਾ ਲੈਣ ਨਾਲ ਕਾਲੇ ਮੋਤੀਏ ਦੇ ਮਾੜੇ ਅਸਰ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕਾਲੇ ਮੋਤੀਏ ਦਾ ਸਹੀ ਸਮੇਂ ’ਤੇ ਇਲਾਜ ਨਾ ਹੋਵੇ ਤਾਂ ਅੰਨ੍ਹਾਪਣ ਵੀ ਹੋ ਸਕਦਾ ਹੈ ਜਾਂ ਨਿਗ੍ਹਾ ਕਾਫ਼ੀ ਘੱਟ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਜਾਂਚ ਛੇ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਜ਼ਰੂਰ ਕਰਾਉਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਗਲੋਕੋਮਾ ਦੇ ਇਲਾਜ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਦਵਾਈਆਂ ਕਾਰਗਰ ਨਾ ਹੋਣ ਤਾਂ ਅੱਖਾਂ ਵਿਚ ਵਧੇ ਹੋਏ ਦਬਾਅ ਨੂੰ ਘਟਾਉਣ ਲਈ ਲੇਜ਼ਰ ਜਾਂ ਆਪਰੇਸ਼ਨ ਵੀ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਜਾਂਚ ਕਰਾਉਣ ’ਤੇ ਹੀ ਕਾਲੇ ਮੋਤੀਏ ਦਾ ਪਤਾ ਲੱਗ ਸਕਦਾ ਹੈ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਬੀਮਾਰੀ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।