June 30, 2024 8:35 pm
Tourism

ਸੈਰ-ਸਪਾਟੇ ਨੂੰ ਪੂਰੀ ਸਮਰੱਥਾ ਅਨੁਸਾਰ ਵਿਕਸਿਤ ਕਰਨਾ ਪੰਜਾਬ ਸਰਕਾਰ ਦੀਆਂ ਮੁੱਖ ਤਰਜ਼ੀਹਾਂ ‘ਚੋਂ ਇਕ: ਅਨਮੋਲ ਗਗਨ ਮਾਨ

ਚੰਡੀਗੜ੍ਹ/ਨਵੀਂ ਦਿੱਲੀ, 19 ਨਵੰਬਰ 2023 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਈਕੋ-ਟੂਰਿਜ਼ਮ, ਐਡਵੈਂਚਰ ਤੇ ਵਾਟਰ ਸਪੋਰਟਸ ਤੇ ਸੈਰ-ਸਪਾਟੇ (Tourism) ਨੂੰ ਸਮੁੱਚੇ ਰੂਪ ਵਿਚ ਵਿਕਸਿਤ ਕਰਨ ਨੂੰ ਸਰਕਾਰ ਦੀਆਂ ਮੁੱਖ ਤਰਜ਼ੀਹਾਂ ਵਿਚ ਰੱਖਣ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਸੈਰ-ਸਪਾਟਾ, ਸਭਿਆਚਾਰਕ ਮਾਮਲੇ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਇਨ੍ਹਾਂ ਖੇਤਰਾਂ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੇ ਨੇੜਲੇ ਭਵਿੱਖ ਵਿਚ ਮਿਸਾਲੀ ਨਤੀਜੇ ਸਾਹਮਣੇ ਆਉਣਗੇ।

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਇਥੋਂ ਦੇ ਪ੍ਰਗਤੀ ਮੈਦਾਨ ਵਿਖੇ ਚੱਲ ਰਹੇ ਭਾਰਤ-ਅੰਤਰਰਾਸ਼ਟਰੀ ਵਪਾਰ ਮੇਲਾ-2023 ਦੌਰਾਨ ਸ਼ਨੀਵਾਰ ਸ਼ਾਮ ਮਨਾਏ ਗਏ ਪੰਜਾਬ ਦਿਵਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸੈਰ-ਸਪਾਟਾ (Tourism) ਖੇਤਰ ਦੀਆਂ ਸਮੁੱਚੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤਾਂ ਜੋ ਵਿਦੇਸ਼ਾਂ ਵਿਚ ਵਸਦੇ ਪੰਜਾਬੀ, ਵਿਦੇਸ਼ੀ ਸੈਲਾਨੀ, ਭਾਰਤ ਦੇ ਵੱਖ-ਵੱਖ ਖੇਤਰਾਂ ਵਿਚੋਂ ਆਉਣ ਵਾਲੇ ਲੋਕ ਪੰਜਾਬ ਦੇ ਇਤਿਹਾਸਕ ਤੇ ਸੈਰ-ਸਪਾਟੇ ਦੇ ਸਥਾਨਾ ਤੇ ਵਿਰਾਸਤੀ ਪਹਿਲੂਆਂ ਦੀ ਅਮੀਰੀ ਨੂੰ ਮਾਣ ਸਕਣ।

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਪੰਜਾਬ ਦੇ ਵਿਰਾਸਤੀ ਮੇਲਿਆਂ ਤੇ ਤਿਉਹਾਰਾਂ ਨੂੰ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਇਸ ਲਈ ਵੱਖਰੇ ਤੌਰ ਤੇ 15 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਟੂਰਿਜ਼ਮ ਸਮਿਟ ਬਹੁਤ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਪੰਜਾਬ ਨੂੰ ਟੂਰਿਜ਼ਮ ਖੇਤਰ ਵਿਚ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਮੋਹਰੀ ਸਥਾਨ ਤੇ ਲਿਆਉਣਾ ਹੈ।
ਸਮਾਗਮ ਦੌਰਾਨ ਨਾਮਵਰ ਪੰਜਾਬੀ ਗਾਇਕਾ ਅਫਸਾਨਾ ਖਾਨ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਚੇਅਰਮੈਨ ਪੀ.ਐਸ.ਆਈ.ਈ.ਸੀ ਦਲਵੀਰ ਸਿੰਘ,ਪ੍ਰਮੁੱਖ ਸਕੱਤਰ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ, ਗਾਇਕਾ ਅਫਸਾਨਾ ਖਾਨ, ਭੰਗੜਾ ਕਲਾਕਾਰ ਭੋਲਾ ਕਲਿਹਰੀ ਦਾ ਸਨਮਾਨ ਕੀਤਾ ਗਿਆ। ਵਧੀਕ ਡਾਇਰੈਕਟਰ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਰਾਕੇਸ਼ ਕੁਮਾਰ ਪੋਪਲੀ, ਪ੍ਰਸ਼ਾਸਕ ਪੰਜਾਬ ਪੈਵਿਲੀਅਨ ਦਵਿੰਦਰ ਪਾਲ ਸਿੰਘ, ਡਿਪਟੀ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।