Heritage Street

ਹੈਰੀਟੇਜ ਸਟਰੀਟ ਦੇ ਕੰਮ ਨੂੰ ਨੇਪਰੇ ਚਾੜਨ ਲਈ ਵਿਭਾਗ ਆਪਸੀ ਤਾਲਮੇਲ ਨਾਲ ਕਰਨ ਕੰਮ: ਸਾਕਸ਼ੀ ਸਾਹਨੀ

ਪਟਿਆਲਾ 01 ਦਸੰਬਰ 2022: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਦੇ ਦੁਆਲੇ ਬਣ ਰਹੀ ਹੈਰੀਟੇਜ ਸਟਰੀਟ (Heritage Street) ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪ੍ਰੋਜੈਕਟ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੰਮ ਦੀ ਪ੍ਰਗਤੀ ਬਾਰੇ ਜਾਣਿਆ ਤੇ ਇਸ ਸਬੰਧੀ ਜ਼ਰੂਰੀ ਨਿਰਦੇਸ਼ ਦਿੱਤੇ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਤੇ ਪੀਡੀਏ ਪਟਿਆਲਾ ਦੇ ਮੁੱਖ ਪ੍ਰਸ਼ਾਸਨ ਗੌਤਮ ਜੈਨ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿੱਚ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਕੱਠੇ ਸਾਈਟ ਵਿਜ਼ਿਟ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜਿਨ੍ਹਾਂ ਸਥਾਨਾਂ ਉਤੇ ਇਕੋ ਤੋਂ ਵੱਧ ਵਿਭਾਗਾਂ ਦਾ ਕੰਮ ਹੈ ਤੇ ਉਹ ਆਪਸੀ ਤਾਲਮੇਲ ਨਾਲ ਹੋਣਾ ਹੈ ਉਥੇ ਅਧਿਕਾਰੀਆਂ ਦੀ ਕਮੇਟੀ ਗਠਤ ਕਰਕੇ ਕੰਮ ਨੂੰ ਸਮਾਂਬੱਧ ਕਰਨਾ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਸਥਾਨਕ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਕੇ ਹੀ ਕੰਮ ਨੂੰ ਮੁਕੰਮਲ ਕੀਤਾ ਜਾਵੇ ਅਤੇ ਕੰਮ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਈ ਰੱਖਣ ਲਈ ਪੁਲਿਸ ਵਿਭਾਗ ਆਵਾਜਾਈ ਲਈ ਬਦਲਵੇਂ ਪ੍ਰਬੰਧ ਕਰਨਾ ਵੀ ਯਕੀਨੀ ਬਣਾਵੇ। ਮੀਟਿੰਗ ਵਿੱਚ ਡੀ.ਐਸ.ਪੀ. (ਸਿਟੀ-1) ਸੰਜੀਵ ਸਿੰਗਲਾ, ਪੀਡੀਏ ਤੋਂ ਦਿਲਦਾਰ ਰਾਣਾ, ਮੁਨੀਸ਼ ਮਹਿਤਾ ਤੇ ਮਮਤਾ ਸ਼ਰਮਾ, ਪੀ.ਐਸ.ਪੀ.ਸੀ.ਐਲ ਤੋਂ ਇੰਜ. ਸੰਦੀਪ ਗੁਪਤਾ, ਇੰਜ ਗੁਰਤੇਜ਼ ਚਹਿਲ ਤੇ ਇੰਜ ਜਤਿੰਦਰ ਗਰਗ, ਪੀ.ਡਬਲਿਊ.ਡੀ. ਤੋਂ ਇੰਜ ਪਿਊਸ਼ ਅਗਰਵਾਲ ਤੋਂ ਇਲਾਵਾ ਟੂਰਿਜ਼ਮ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

Scroll to Top