ਚੰਡੀਗੜ੍ਹ, 11 ਅਪ੍ਰੈਲ 2023: ਰਾਸ਼ਟਰੀ ਪਾਰਟੀ ਦਾ ਦਰਜਾ ਖੋਹੇ ਜਾਣ ਤੋਂ ਬਾਅਦ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (TMC) ਚੋਣ ਕਮਿਸ਼ਨ ਦੇ ਫੈਸਲੇ ਨੂੰ ਅਦਾਲਤ ‘ਚ ਚੁਣੌਤੀ ਦੇਣ ‘ਤੇ ਵਿਚਾਰ ਕਰ ਰਹੀ ਹੈ। ਇਸ ਦੇ ਲਈ ਪਾਰਟੀ ਫਿਲਹਾਲ ਵਿਕਲਪ ਲੱਭ ਰਹੀ ਹੈ। ਬੀਤੇ ਦਿਨ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਆਪਣੇ ਇੱਕ ਫੈਸਲੇ ਵਿੱਚ ਤ੍ਰਿਣਮੂਲ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਤੋਂ ਰਾਸ਼ਟਰੀ ਪਾਰਟੀ ਦਾ ਦਰਜਾ ਖੋਹ ਲਿਆ ਸੀ।
ਚੋਣ ਕਮਿਸ਼ਨ ਦੇ ਇਸ ਫੈਸਲੇ ‘ਤੇ ਟੀਐਮਸੀ ਨੇ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਟੀਐਮਸੀ ਇਸ ਫੈਸਲੇ ਨੂੰ ਕਾਨੂੰਨੀ ਤੌਰ ‘ਤੇ ਚੁਣੌਤੀ ਦੇਣ ਲਈ ਵਿਕਲਪਾਂ ਦੀ ਖੋਜ ਕਰ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਨੇ ਟੀਐਮਸੀ ਤੋਂ ਰਾਸ਼ਟਰੀ ਪਾਰਟੀ ਦਾ ਦਰਜਾ ਖੋਹਣ ‘ਤੇ ਚੁਟਕੀ ਲਈ ਹੈ।
ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਟਵੀਟ ਕੀਤਾ, “ਟੀਐਮਸੀ (TMC) ਤੋਂ ਇਸਦੀ ਰਾਸ਼ਟਰੀ ਪਾਰਟੀ ਦਾ ਦਰਜਾ ਖੋਹ ਲਿਆ ਗਿਆ ਹੈ ਅਤੇ ਹੁਣ ਇੱਕ ਖੇਤਰੀ ਪਾਰਟੀ ਹੈ। ਟੀਐਮਸੀ ਨੂੰ ਵੱਡਾ ਬਣਾਉਣ ਲਈ ਦੀਦੀ ਦੇ ਯਤਨ ਪੂਰੇ ਨਹੀਂ ਹੋ ਰਹੇ ਹਨ ਕਿਉਂਕਿ ਲੋਕ ਜਾਣ ਚੁੱਕੇ ਹਨ ਕਿ ਟੀਐਮਸੀ ਸਭ ਤੋਂ ਭ੍ਰਿਸ਼ਟ, ਤੁਸ਼ਟੀਕਰਨ ਅਤੇ ਦਹਿਸ਼ਤ ਫੈਲਾਉਣ ਵਾਲੀ ਸਰਕਾਰੀ ਪਾਰਟੀ ਹੈ। ਇਸ ਦੀ ਸਰਕਾਰ ਵੀ ਡਿੱਗਣੀ ਤੈਅ ਹੈ ਕਿਉਂਕਿ ਪੱਛਮੀ ਬੰਗਾਲ ਦੇ ਲੋਕ ਇਸ ਸਰਕਾਰ ਨੂੰ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰਨਗੇ।
ਸੋਮਵਾਰ ਨੂੰ ਚੋਣ ਕਮਿਸ਼ਨ ਨੇ ਆਪਣੇ ਫੈਸਲੇ ‘ਚ NCP ਅਤੇ TMC ਦਾ ਦਰਜਾ ਰਾਸ਼ਟਰੀ ਪਾਰਟੀ ਤੋਂ ਘਟਾ ਕੇ ਖੇਤਰੀ ਪਾਰਟੀ ਕਰ ਦਿੱਤਾ। ਟੀਐਮਸੀ ਅਤੇ ਐਨਸੀਪੀ ਤੋਂ ਰਾਸ਼ਟਰੀ ਪਾਰਟੀ ਦਾ ਦਰਜਾ ਖੋਹਣ ਦੇ ਨਾਲ, ਹੁਣ ਭਾਜਪਾ, ਕਾਂਗਰਸ, ਸੀਪੀਆਈ (ਐਮ), ਬਸਪਾ, ਨੈਸ਼ਨਲ ਪੀਪਲਜ਼ ਪਾਰਟੀ ਅਤੇ ਆਮ ਆਦਮੀ ਪਾਰਟੀ ਸਮੇਤ ਛੇ ਰਾਸ਼ਟਰੀ ਪਾਰਟੀਆਂ ਹਨ।