DGMO

ਪ੍ਰਧਾਨ ਮੰਤਰੀ ਨਿਵਾਸ ਪਹੁੰਚੇ ਤਿੰਨਾਂ ਫੌਜਾਂ ਦੇ ਮੁਖੀ, ਥੋੜ੍ਹੀ ਦੇਰ ਬਾਅਦ DGMO ਪੱਧਰ ਦੀ ਗੱਲਬਾਤ

ਦਿੱਲੀ, 12 ਮਈ 2025: ਤਿੰਨਾਂ ਫੌਜਾਂ ਦੇ ਮੁਖੀ ਅਤੇ ਸੀਡੀਐਸ ਅਨਿਲ ਚੌਹਾਨ ਅੱਜ ਫਿਰ ਪ੍ਰਧਾਨ ਮੰਤਰੀ ਨਿਵਾਸ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ ਫੌਜ ਮੁਖੀਆਂ ਨਾਲ ਬੈਠਕ ਕਰਨਗੇ ਅਤੇ ਅੱਗੇ ਦੀ ਰਣਨੀਤੀ ‘ਤੇ ਚਰਚਾ ਕੀਤੀ ਜਾਵੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ, ਡੀਜੀਐਮਓ (DGMO) ਪੱਧਰ ਦੀ ਗੱਲਬਾਤ ਸੋਮਵਾਰ ਦੁਪਹਿਰ 12 ਵਜੇ ਹੋਣੀ ਹੈ। ਭਾਰਤ ਵੱਲੋਂ ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ ਅਤੇ ਪਾਕਿਸਤਾਨ ਵੱਲੋਂ ਉਨ੍ਹਾਂ ਦੇ ਡੀਜੀਐਮਓ ਇਸ ਗੱਲਬਾਤ ‘ਚ ਸ਼ਾਮਲ ਹੋਣਗੇ। ਇਹ ਡੀਜੀਐਮਓਜ਼ ਵਿਚਕਾਰ ਦੂਜੀ ਗੱਲਬਾਤ ਹੈ।

ਤਿੰਨਾਂ ਫੌਜਾਂ ਦੇ ਡੀਜੀਐਮਓ ਦੁਪਹਿਰ 2.30 ਵਜੇ ਮੀਡੀਆ ਨੂੰ ਜਾਣਕਾਰੀ ਦੇਣਗੇ। ਇਸ ਤੋਂ ਪਹਿਲਾਂ, ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓਜ਼ ਵਿਚਾਲੇ ਦੁਪਹਿਰ 12 ਵਜੇ ਗੱਲਬਾਤ ਹੋਵੇਗੀ, ਜਿਸ ਬਾਰੇ ਜਾਣਕਾਰੀ ਬ੍ਰੀਫਿੰਗ ‘ਚ ਦਿੱਤੀ ਜਾ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ, ਬੀਤੀ ਰਾਤ ਜੰਮੂ-ਕਸ਼ਮੀਰ ‘ਚ ਸ਼ਾਂਤੀ ਰਹੀ ਅਤੇ ਗੋਲੀਬਾਰੀ ਦੀ ਕੋਈ ਘਟਨਾ ਨਹੀਂ ਵਾਪਰੀ।

ਜਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ 80 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ‘ਤੇ ਸਹਿਮਤੀ ਬਣੀ। ਹਾਲਾਂਕਿ, ਕੁਝ ਘੰਟਿਆਂ ਬਾਅਦ ਪਾਕਿਸਤਾਨ ਨੇ ਸਮਝੌਤੇ ਦੀ ਉਲੰਘਣਾ ਕੀਤੀ, ਜਿਸਦਾ ਭਾਰਤੀ ਹਥਿਆਰਬੰਦ ਬਲਾਂ ਨੇ ਢੁਕਵਾਂ ਜਵਾਬ ਦਿੱਤਾ। ਦੇਰ ਰਾਤ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ। ਇਸ ਦੇ ਨਾਲ ਹੀ ਅੱਜ ਦੋਵਾਂ ਦੇਸ਼ਾਂ ਵਿਚਕਾਰ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨ (ਡੀਜੀਐਮਓ) ਗੱਲਬਾਤ ਹੋਵੇਗੀ।

Read More: ਭਾਰਤ ਤੇ ਪਾ.ਕਿ.ਸ.ਤਾ.ਨ ਸੀਜਫਾਇਰ ਲਈ ਸਹਿਮਤ ਹੋਏ: ਡੋਨਾਲਡ ਟਰੰਪ

Scroll to Top