ਚੰਡੀਗੜ੍ਹ, 16 ਮਈ 2023: ਅਮਰੀਕਾ ਦੇ ਦੱਖਣ-ਪੱਛਮੀ ਸੂਬੇ ਨਿਊ ਮੈਕਸੀਕੋ (New Mexico) ‘ਚ ਸੋਮਵਾਰ ਨੂੰ ਗੋਲੀਬਾਰੀ ਦੀ ਘਟਨਾ ‘ਚ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਦੋ ਪੁਲਿਸ ਮੁਲਾਜ਼ਮ ਸਮੇਤ 9 ਜਣੇ ਜ਼ਖਮੀ ਹੋ ਗਏ। ਇਸ ਘਟਨਾ ਨੂੰ 18 ਸਾਲਾ ਹਮਲਾਵਰ ਨੇ ਅੰਜ਼ਾਮ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ। ਗੋਲੀਬਾਰੀ ਦੀ ਘਟਨਾ ਫਾਰਮਿੰਗਟਨ ਵਿੱਚ ਵਾਪਰੀ, ਜਿੱਥੇ ਕਰੀਬ 50 ਹਜ਼ਾਰ ਲੋਕ ਰਹਿੰਦੇ ਹਨ।
ਸੱਤ ਜ਼ਖ਼ਮੀਆਂ ਨੂੰ ਇੱਥੋਂ ਦੇ ਸਾਨ ਹੁਆਨ ਰੀਜ਼ਨਲ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹਨਾਂ ਵਿੱਚ ਇੱਕ ਫਾਰਮਿੰਗਟਨ ਪੁਲਿਸ ਅਧਿਕਾਰੀ ਅਤੇ ਇੱਕ ਰਾਜ ਪੁਲਿਸ ਅਧਿਕਾਰੀ ਸ਼ਾਮਲ ਹਨ। ਫਾਰਮਿੰਗਟਨ ਪੁਲਿਸ ਦੇ ਡਿਪਟੀ ਚੀਫ਼ ਬੈਰਿਕ ਕਰਮ ਨੇ ਕਿਹਾ ਕਿ ਦੋਵੇਂ ਅਧਿਕਾਰੀ ਸਥਿਰ ਹਾਲਤ ਵਿੱਚ ਹਨ।
ਸ਼ਹਿਰ ਦੇ ਪੁਲਿਸ ਵਿਭਾਗ ਨੇ ਹਮਲਾਵਰ ਦੀ ਪਛਾਣ ਨਹੀਂ ਦੱਸੀ | ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਹਮਲੇ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ ਅਤੇ ਹਮਲਾਵਰ ਨੇ ਕਿਸ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਕੀਤੀ ਸੀ। ਹਾਲਾਂਕਿ ਪੁਲਿਸ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਲਾਕਾ ਫਿਲਹਾਲ ਖਤਰੇ ਤੋਂ ਬਾਹਰ ਹੈ।