ਚੰਡੀਗੜ੍ਹ, 08 ਅਪ੍ਰੈਲ 2023: ਪੰਜਾਬ ਦੇ ਸੰਗਰੂਰ (Sangrur) ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨੋਂ ਮਜ਼ਦੂਰ ਪਿੰਡ ਨਮੋਲ ਦੇ ਰਹਿਣ ਵਾਲੇ ਹਨ। ਰਾਤ ਨੂੰ ਤਿੰਨਾਂ ਨੇ ਇੱਕੋ ਥਾਂ ‘ਤੇ ਇਕੱਠੇ ਸ਼ਰਾਬ ਪੀਤੀ। ਉਹ ਦੇਰ ਰਾਤ ਸ਼ਰਾਬ ਪੀ ਕੇ ਘਰ ਹੀ ਸੋ ਗਏ । ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ |
ਮ੍ਰਿਤਕਾਂ ਦੀ ਪਛਾਣ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਵਜੋਂ ਹੋਈ ਹੈ। ਚਮਕੌਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਰੋਜ਼ਾਨਾ ਦੀ ਤਰ੍ਹਾਂ ਸ਼ਰਾਬ ਪੀ ਕੇ ਆਉਂਦਾ ਸੀ ਅਤੇ ਸੌ ਜਾਂਦਾ ਸੀ। ਸ਼ਨੀਵਾਰ ਦੀ ਸਵੇਰ ਜਦੋਂ ਦੇਰ ਤੱਕ ਨਹੀਂ ਉੱਠਿਆ, ਤਾਂ ਚਾਦਰ ਚੁੱਕ ਕੇ ਦੇਖਿਆ ਤਾਂ ਉਹ ਮਰ ਚੁੱਕਾ ਸੀ। ਇਸ ਦੇ ਨਾਲ ਹੀ ਚਮਕੌਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ।
ਦੂਜੇ ਪਾਸੇ ਥਾਣਾ ਚੀਮਾ ਦੇ ਐਸਐਚਓ ਲਖਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਨਮੋਲ ਦੇ ਸਰਪੰਚ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦੋਂ ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਘਰ ਵਿੱਚ ਤਿੰਨ ਮਜ਼ਦੂਰ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਮ੍ਰਿਤਕ ਪਾਏ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।