ਚੰਡੀਗੜ 17 ਫਰਵਰੀ 2023: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਈ ਵੀਰ ਸਿੰਘ (Bhai Vir Singh) ਦੀ 150ਵੀਂ ਜਨਮ ਸ਼ਤਾਬਦੀ ਮੌਕੇ ਕਰਵਾਈ ਜਾ ਰਹੀ ਤਿੰਨ-ਰੋਜ਼ਾ ਵਿਸ਼ਵ ਕਾਨਫਰੰਸ ਦੇ ਸਮਾਪਤੀ ਸਮਾਗਮ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ |
ਉਥੇ ਹੀ ਵੱਖ-ਵੱਖ ਵਿਦਵਾਨਾਂ ਵੱਲੋਂ ਇਸ ਵਿਸ਼ਵ ਕਾਨਫਰੰਸ ਦੌਰਾਨ ਭਾਈ ਵੀਰ ਸਿੰਘ ਨੂੰ ਸਿਰਫ਼ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਹੋਣ ਦੇ ਹਵਾਲੇ ਨਾਲ ਹੀ ਨਹੀਂ ਬਲਕਿ ਉਨ੍ਹਾਂ ਵੱਲੋਂ ਕੀਤੇ ਗਏ ਹੋਰ ਬਹੁਤ ਸਾਰੇ ਕਾਰਜਾਂ ਨਾਲ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਦੇ ਰੰਗ ਉੱਘੜਦੇ ਹਨ। ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ, ਪਰੈੱਸ ਦੀ ਸਥਾਪਨ ਕਰ ਕੇ ਵੱਡੀ ਮਾਤਰਾ ਵਿੱਚ ਸਾਹਿਤ ਪ੍ਰਕਾਸ਼ਿਤ ਕਰਨਾ ਅਤੇ ਵੰਡਣਾ, ਸਮੇਂ ਨਾਲ ਸੰਵਾਦ ਰਚਾਉਣ, ਹਿਤ ਲਿਖੇ ਗਏ ਟ੍ਰੈਕਟ ਆਦਿ ਕਈ ਤਰ੍ਹਾਂ ਦੇ ਪਰਚੇ ਪੜ੍ਹੇ ਗਏ | ਇਸ ਸਮਾਪਤੀ ਸਮਾਗਮ ਮੌਕੇ ਭਾਈ ਵੀਰ ਸਿੰਘ ਚੇਅਰ ਦੇ ਮੁਖੀ ਡਾਕਟਰ ਹਰਜੋਧ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਇਲਾਵਾ ਅਨੁਸਾਰ ਹੀ ਮਹਾਨ ਸ਼ਖਸੀਅਤਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ |
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਭਾਈ ਵੀਰ ਸਿੰਘ (Bhai Vir Singh) ਇਕ ਯੁੱਗ ਪਲਟਾਊ ਪੁਰਸ਼ ਸਨ ਅਤੇ ਅੱਜ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਦੀ 150ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ, ਉਨ੍ਹਾਂ ਦੇ ਜੀਵਨ ‘ਤੇ ਅਧਾਰਿਤ ਜੋ ਪਰਚੇ ਪੜ੍ਹੇ ਗਏ ਹਨ ਉਸ ਲਈ ਉਹ ਵਧਾਈ ਦੇ ਪਾਤਰ ਹਨ |
ਉਹਨਾਂ ਕਿਹਾ ਕਿ ਕੌਮਾਂ ਉਹੀ ਤਰੱਕੀ ਕਰਦੀਆਂ ਹਨ ਜੋ ਆਪਣੇ ਇਤਿਹਾਸ ਨੂੰ ਸੰਭਾਲ ਕੇ ਰੱਖਦੀਆਂ ਹਨ ਅਤੇ ਭਾਈ ਵੀਰ ਸਿੰਘ ਵਰਗੀਆਂ ਮਹਾਨ ਸ਼ਖਸ਼ੀਅਤਾਂ ਨੂੰ ਯਾਦ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਨੇ ਪੰਜਾਬੀ ਮਾਂ ਬੋਲੀ ਅਤੇ ਸਿੱਖਾਂ ਲਈ ਬਹੁਤ ਵੱਡੇ ਕੰਮ ਕੀਤੇ ਹਨ ਅਤੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਭਾਈ ਵੀਰ ਸਿੰਘ ਚੇਅਰ ਦੇ ਮੁਖੀ ਡਾਕਟਰ ਹਰਜੋਧ ਵਧਾਈ ਦੇ ਪਾਤਰ ਹਨ, ਜਿਨ੍ਹਾਂ ਵੱਲੋਂ ਭਾਈ ਵੀਰ ਸਿੰਘ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਇਹ ਤਿੰਨ ਰੋਜ਼ਾ ਵਿਸ਼ਵ ਕਾਨਫਰੰਸ ਦਾ ਆਯੋਜਨ ਕੀਤਾ ਹੈ |
ਇਸ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਤੋਂ ਕੋਲੇ ਦੇ ਮੁੱਦੇ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੀਆਂ ਬਤੌਰ ਸਪੀਕਰ ਕੁਝ ਸੇਵਾਵਾਂ ਹਨ, ਜਿਨ੍ਹਾਂ ਸੰਬੰਧੀ ਉਹ ਕੁਝ ਬੋਲ ਨਹੀਂ ਸਕਦੇ ਉਥੇ ਉਹਨਾਂ ਨੇ ਪੰਜਾਬ ਦੇ ਰਾਜਪਾਲ ਵੱਲੋਂ ਕੀਤੀ ਜਾ ਰਹੀ ਦਖਲ-ਅੰਦਾਜੀ ਨੂੰ ਲੈ ਕੇ ਕਿਹਾ ਕਿ ਸਾਰਿਆਂ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ |