ਚੰਡੀਗੜ੍ਹ, 19 ਫਰਵਰੀ 2024: ਆਮ ਆਦਮੀ ਪਾਰਟੀ (Aam Aadmi Party) ਚੰਡੀਗੜ੍ਹ ਦੇ ਤਿੰਨ ਕੌਂਸਲਰ ਪੂਨਮ ਦੇਵੀ, ਨੇਹਾ ਮੁਸਾਵਤ ਅਤੇ ਗੁਰਚਰਨ ਕਾਲਾ ਦਿੱਲੀ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਭਾਜਪਾ ਦੇ ਨਵੇਂ ਚੁਣੇ ਗਏ ਮੇਅਰ ਮਨੋਜ ਸੋਨਕਰ ਨੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਮੁੜ ਹੋਣੀ ਲਗਭਗ ਤੈਅ ਹੈ।
ਚੰਡੀਗੜ੍ਹ ਵਿੱਚ 30 ਜਨਵਰੀ ਨੂੰ ਹੋਈਆਂ ਮੇਅਰ ਚੋਣਾਂ ਤੋਂ ਬਾਅਦ ਲਗਾਤਾਰ ਵਿਵਾਦ ਸ਼ੁਰੂ ਹੋ ਗਿਆ ਸੀ। ਇਸੇ ਦਿਨ ਹੀ ਵਿਰੋਧੀ ਧਿਰ ਦੇ ਉਮੀਦਵਾਰ ਕੁਲਦੀਪ ਕੁਮਾਰ ਦੀ ਤਰਫੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੋਣਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਸੀ। 31 ਜਨਵਰੀ ਨੂੰ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਵਿਰੋਧੀ ਧਿਰ ਨੂੰ ਕੋਈ ਰਾਹਤ ਦਿੱਤੇ ਬਿਨਾਂ ਅਗਲੀ ਸੁਣਵਾਈ ਦੀ ਤਾਰੀਖ਼ 26 ਫਰਵਰੀ ਤੈਅ ਕਰ ਦਿੱਤੀ। ਇਸ ਤੋਂ ਬਾਅਦ ਵਿਰੋਧੀ ਧਿਰ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ। ਜਿਸ ਦੀ ਸੁਣਵਾਈ 5 ਫਰਵਰੀ ਨੂੰ ਹੋਈ ਸੀ। ਇਸ ਦੌਰਾਨ ਵਿਰੋਧੀ ਧਿਰ ਲਗਾਤਾਰ ਮੇਅਰ ਚੋਣਾਂ ਨੂੰ ਲੈ ਕੇ ਭਾਜਪਾ ਨੂੰ ਘੇਰਨ ‘ਚ ਲੱਗੀ ਹੋਈ ਸੀ।