ਚੰਡੀਗੜ੍ਹ, 26 ਦਸੰਬਰ 2023: ਮੁੰਬਈ ਪੁਲਿਸ ਦੇ ਮੁਤਾਬਕ ਆਰਬੀਆਈ (RBI) ਨੂੰ ਧਮਕੀ ਭਰੀ ਈ-ਮੇਲ ਮਿਲੀ ਹੈ। ਈ-ਮੇਲ ਵਿੱਚ ਕਿਹਾ ਗਿਆ ਸੀ ਕਿ ਆਰਬੀਆਈ ਦਫ਼ਤਰ, ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਵਿੱਚ ਬੰਬ ਲਗਾਏ ਜਾਣਗੇ। ਈਮੇਲ ਵਿੱਚ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਮੁੰਬਈ ‘ਚ ਕੁੱਲ 11 ਥਾਵਾਂ ‘ਤੇ ਬੰਬ ਦੀ ਧਮਕੀ ਦਿੱਤੀ ਗਈ ਸੀ। ਇਸ ਧਮਕੀ ਭਰੇ ਈ-ਮੇਲ ਨੂੰ ਭੇਜਣ ਵਾਲੇ ਨੇ ਖ਼ਿਲਾਫ਼ਤ ਇੰਡੀਆ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਨ੍ਹਾਂ ਸਾਰੀਆਂ ਥਾਵਾਂ ’ਤੇ ਜਾ ਕੇ ਜਾਂਚ ਕੀਤੀ ਪਰ ਕੁਝ ਨਹੀਂ ਮਿਲਿਆ। ਪੁਲਿਸ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਮੁੰਬਈ ਪੁਲਿਸ ਨੂੰ ਭੇਜੀ ਗਈ ਧਮਕੀ ਭਰੀ ਈ-ਮੇਲ ‘ਚ ਕਿਹਾ ਗਿਆ ਹੈ ਕਿ ਮੁੰਬਈ ਸ਼ਹਿਰ ‘ਚ ਆਰਬੀਆਈ (RBI) ਤੇ ਹੋਰ 11 ਥਾਵਾਂ ‘ਤੇ ਬੰਬ ਰੱਖੇ ਗਏ ਹਨ। ਈਮੇਲ ‘ਚ ਕਿਹਾ ਗਿਆ ਹੈ ਕਿ ਮੰਗਲਵਾਰ ਦੁਪਹਿਰ ਕਰੀਬ 1:30 ਵਜੇ ਧਮਾਕਾ ਹੋਣ ਵਾਲਾ ਹੈ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਪੁਲਿਸ ਨੇ ਹਰ ਜਗ੍ਹਾ ਚੈਕਿੰਗ ਕੀਤੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਸਬੰਧੀ ਮੁੰਬਈ ਦੀ ਐਮਆਰਏ ਮਾਰਗ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।