ਚੰਡੀਗੜ੍ਹ, 08 ਅਗਸਤ 2023: ਰਾਜਸਥਾਨ ਵਿੱਚ ਲੜਕੀਆਂ ਨਾਲ ਛੇੜਛਾੜ, ਜ਼ਬਰ ਜਨਾਹ ਅਤੇ ਜ਼ਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹੁਣ ਸਰਕਾਰੀ ਨੌਕਰੀ ਨਹੀਂ ਮਿਲੇਗੀ। ਅਜਿਹਾ ਕਰਨ ਵਾਲਿਆਂ ਦੇ ਚਰਿੱਤਰ ਸਰਟੀਫਿਕੇਟ ‘ਤੇ ਇਹ ਲਿਖਿਆ ਜਾਵੇਗਾ ਕਿ ਉਹ ਛੇੜਛਾੜ ਜਾਂ ਜ਼ਬਰ ਜਨਾਹ ਵਿਚ ਸ਼ਾਮਲ ਰਹੇ ਹਨ। ਮੰਗਲਵਾਰ ਨੂੰ ਸੀਐਮ ਅਸ਼ੋਕ ਗਹਿਲੋਤ (CM Ashok Gehlot) ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਅਸ਼ੋਕ ਗਹਿਲੋਤ (CM Ashok Gehlot) ਨੇ ਟਵੀਟ ਕੀਤਾ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਲੜਕੀਆਂ, ਬੀਬੀਆਂ ਨਾਲ ਛੇੜਛਾੜ ਕਰਨ ਵਾਲੇ, ਜ਼ਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਅਤੇ ਬਦਮਾਸ਼ਾਂ ਨੂੰ ਸਰਕਾਰੀ ਨੌਕਰੀ ਤੋਂ ਰੋਕ ਦਿੱਤਾ ਜਾਵੇਗਾ। ਇਸ ਦੇ ਲਈ ਹਿਸਟਰੀ-ਸ਼ੀਟਰ ਵਾਂਗ ਥਾਣਿਆਂ ਵਿੱਚ ਛੇੜਛਾੜ ਕਰਨ ਵਾਲਿਆਂ ਦਾ ਰਿਕਾਰਡ ਵੀ ਰੱਖਿਆ ਜਾਵੇਗਾ। ਸੂਬਾ ਸਰਕਾਰ/ਪੁਲਿਸ ਵੱਲੋਂ ਜਾਰੀ ਕੀਤੇ ਗਏ ਚਰਿੱਤਰ ਸਰਟੀਫਿਕੇਟ ‘ਤੇ ਇਹ ਲਿਖਿਆ ਜਾਵੇਗਾ ਕਿ ਇਹ ਲੋਕ ਛੇੜਛਾੜ ਦੀਆਂ ਘਟਨਾਵਾਂ ‘ਚ ਸ਼ਾਮਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਦਾ ਸਮਾਜਿਕ ਬਾਈਕਾਟ ਕਰਨਾ ਜ਼ਰੂਰੀ ਹੈ।