ਗਰਮੀ

ਇਸ ਸਾਲ ਪਵੇਗੀ ਭਾਰੀ ਗਰਮੀ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਆਮ ਨਾਲੋਂ ਵੱਧ ਰਹੇਗਾ ਤਾਪਮਾਨ

ਚੰਡੀਗੜ੍ਹ, 01 ਅਪ੍ਰੈਲ 2023: ਮੌਸਮ ਵਿਭਾਗ ਮੁਤਾਬਕ ਇਸ ਸਾਲ ਜ਼ਿਆਦਾ ਦੀ ਗਰਮੀ ਪੈ ਸਕਦੀ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਅਪ੍ਰੈਲ ਤੋਂ ਜੂਨ ਦਰਮਿਆਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਹਾਲਾਂਕਿ ਉੱਤਰ ਪੂਰਬੀ ਸੂਬਿਆਂ ਅਤੇ ਦੱਖਣ ਦੇ ਪਠਾਰ ਖੇਤਰ ਵਿੱਚ ਤਾਪਮਾਨ ਆਮ ਵਾਂਗ ਰਹੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਮੱਧ, ਪੂਰਬੀ ਅਤੇ ਉੱਤਰ ਪੱਛਮੀ ਭਾਰਤ ਵਿੱਚ ਵੀ ਗਰਮੀ ਦੀ ਲਹਿਰ ਹੋਰ ਦਿਨ ਜਾਰੀ ਰਹੇਗੀ।

ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ, ਮੌਸਮ ਵਿਭਾਗ ਦੇ ਡਾਇਰੈਕਟਰ, ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ, ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ, ਪੰਜਾਬ ਅਤੇ ਹਰਿਆਣਾ ਵਿੱਚ ਗਰਮੀ ਦੇ ਦਿਨਾਂ ਦੀ ਗਿਣਤੀ ਅਤੇ ਇਸਦਾ ਪ੍ਰਭਾਵ ਵਧੇਗਾ।

ਉਨ੍ਹਾਂ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਜੂਨ ਤੱਕ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਗਰਮੀ ਹੋਵੇਗੀ। ਅਪ੍ਰੈਲ ਮਹੀਨੇ ਵਿੱਚ ਬਾਰਿਸ਼ ਆਮ ਵਾਂਗ ਹੋਵੇਗੀ। ਦੂਜੇ ਪਾਸੇ, ਪੂਰਬੀ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਆਮ ਨਾਲੋਂ ਥੋੜ੍ਹਾ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।

ਤੁਹਾਨੂੰ ਦੱਸ ਦੇਈਏ ਕਿ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲਾ ਮੌਸਮੀ ਵਰਤਾਰਾ ਐਲ ਨੀਨੋ ਤਿੰਨ ਸਾਲ ਬਾਅਦ ਵਾਪਸੀ ਕਰ ਰਿਹਾ ਹੈ। ਐਲ ਨੀਨੋ ਦੇ ਪ੍ਰਭਾਵ ਕਾਰਨ 2023 ਵਿੱਚ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਹਵਾਵਾਂ, ਸਮੁੰਦਰੀ ਧਾਰਾਵਾਂ, ਸਮੁੰਦਰੀ ਅਤੇ ਵਾਯੂਮੰਡਲ ਦੇ ਤਾਪਮਾਨਾਂ ਵਿਚਕਾਰ ਸੰਤੁਲਨ ਵਿੱਚ ਵਿਘਨ ਕਾਰਨ ਅਲ ਨੀਨੋ ਬਣਦਾ ਹੈ, ਜਿਸ ਨਾਲ ਸਮੁੰਦਰੀ ਪਾਣੀ ਦੇ ਤਾਪਮਾਨ ਵਿੱਚ ਵਾਧਾ ਹੁੰਦਾ ਹੈ। ਅਲ ਨੀਨੋ ਪ੍ਰਸ਼ਾਂਤ ਮਹਾਸਾਗਰ ਦੇ ਸਮੁੰਦਰੀ ਸਤਿਹ ਦੇ ਤਾਪਮਾਨ ਵਿੱਚ ਸਮੇਂ-ਸਮੇਂ ‘ਤੇ ਤਬਦੀਲੀਆਂ ਦਾ ਕਾਰਨ ਬਣਦਾ ਹੈ, ਜਿਸਦਾ ਵਿਸ਼ਵ ਭਰ ਦੇ ਮੌਸਮ ‘ਤੇ ਪ੍ਰਭਾਵ ਪੈਂਦਾ ਹੈ।

Scroll to Top