ਚੰਡੀਗੜ੍ਹ/ ਨਵੀਂ ਦਿੱਲੀ, 27 ਸਤੰਬਰ 2024: ਕੌਮੀ ਪੱਧਰ ’ਤੇ ਫਾਰਮ ਟੂਰਿਜ਼ਿਮ ਖੇਤਰ ‘ਚ ਪੰਜਾਬ ਨੇ ਇਕ ਹੋਰ ਸਫਲਤਾ ਹਾਸਲ ਕੀਤੀ ਹੈ | ਪੰਜਾਬ ਨੇ ਅੱਜ ਬੈਸਟ ਟੂਰਿਜ਼ਮ ਵਿਲੇਜ਼ ਆਫ਼ ਇੰਡੀਆ 2024 ਐਵਾਰਡ ਹਾਸਲ ਕੀਤਾ ਹੈ | ਪੰਜਾਬ ਦੇ ਪਿੰਡ ਹੰਸਾਲੀ ਨੇ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2024 ਐਵਾਰਡ (Best Tourism Village of India 2024 award) ਆਪਣੇ ਨਾਮ ਕੀਤਾ ਹੈ |
ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਰਵਾਏ ਵਿਸ਼ਵ ਟੂਰਿਜ਼ਮ ਦਿਹਾੜੇ ਸਮਾਗਮ ਮੌਕੇ ਇਹ ਅਹਿਮ ਐਵਾਰਡ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਅੰਮ੍ਰਿਤ ਸਿੰਘ, ਪਿੰਡ ਹੰਸਾਲੀ ਦੇ ਪ੍ਰਤੀਨਿਧ ਪਵੇਲ ਗਿੱਲ ਅਤੇ ਮੈਨੇਜਰ ਆਂਕੜਾ ਸ਼ੀਤਲ ਬਹਿਲ ਦੁਆਰਾ ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸਕੱਤਰ ਵੀ. ਵਿਦਿਆਵਤੀ ਕੋਲੋਂ ਦੌਰਾਨ ਪ੍ਰਾਪਤ ਕੀਤਾ ਹੈ । ਇਸ ਸਮਾਗਮ ਦਾ ਉਦਘਾਟਨ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਕੀਤਾ ਗਿਆ ਹੈ |
ਖੇਤੀਬਾੜੀ ਸੈਰ ਸਪਾਟੇ ਦੇ ਖੇਤਰ ‘ਚ ਇਸ ਵੱਕਾਰੀ ਐਵਾਰਡ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਹੰਸਾਲੀ ਨੂੰ ਕੌਮੀ ਪੱਧਰ ’ਤੇ ਇਹ ਐਵਾਰਡ ਹਾਸਲ ਕਰਨ ਵਾਲੇ ਪਿੰਡਾਂ ‘ਚ ਸ਼ਾਮਲ ਕੀਤਾ ਗਿਆ ਹੈ।
ਹੰਸਾਲੀ ਆਰਗੈਨਿਕ ਫਾਰਮ ਦੇ ਮਾਲਕ ਸੁਖਚੈਨ ਸਿੰਘ ਗਿੱਲ ਅਤੇ ਉਨ੍ਹਾਂ ਦੇ ਪੁੱਤਰ ਪਾਵੇਲ ਗਿੱਲ ਦੇ ਨਿਰੰਤਰ ਯਤਨਾਂ ਅਤੇ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੀ ਯੋਗ ਅਗਵਾਈ ਅਤੇ ਸਹਿਯੋਗ ਸਦਕਾ ਇਹ ਪਿੰਡ ਖੇਤੀ ਆਧਾਰਿਤ ਸੈਰ-ਸਪਾਟੇ ਲਈ ਇੱਕ ਆਦਰਸ਼ ਪੇਂਡੂ ਸਥਾਨ ਬਣ ਗਿਆ ਹੈ।
ਇਸ ਬਾਰੇ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਹ ਪਿੰਡ ਜੈਵਿਕ ਖੇਤੀ ਦੇ ਕੇਂਦਰ ਵਜੋਂ ਵਿਕਸਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੈਲਾਨੀ ਪੰਜਾਬੀ ਰਵਾਇਤੀ ਭੋਜਨ ਦੇ ਨਾਲ-ਨਾਲ ਖੇਤੀ ਦੇ ਕੰਮਾਂ, ਪੇਂਡੂ ਸੱਭਿਆਚਾਰ ਦੀ ਝਲਕ ਅਤੇ ਪਿਆਰ ਭਰੀ ਪ੍ਰਾਹੁਣਚਾਰੀ ਦਾ ਆਨੰਦ ਲੈ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਇਤਿਹਾਸਕ ਸਮਾਰਕਾਂ ਅਤੇ ਸੈਰ ਸਪਾਟਾ ਸਥਾਨਾਂ ‘ਤੇ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਵਿਸ਼ਵ ਸੈਰ ਸਪਾਟਾ ਦਿਹਾੜਾ ਮਨਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨਵਾਂ ਪਿੰਡ ਸਰਦਾਰਾਂ ਨੂੰ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ 2023 ਦਾ ਐਵਾਰਡ (Best Tourism Village of India 2023 award) ਮਿਲਿਆ ਸੀ।
ਡਾਇਰੈਕਟਰ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਯੋਗ ਅਗਵਾਈ ਹੇਠ ਪੰਜਾਬ ਸੈਰ ਸਪਾਟੇ ਖਾਸ ਕਰਕੇ ਖੇਤੀ ਦੇ ਖੇਤਰ ‘ਚ ਮੋਹਰੀ ਸੂਬਾ ਬਣਨ ਵੱਲ ਵਧ ਰਿਹਾ ਹੈ।