ਜੰਮੂ-ਕਸ਼ਮੀਰ, 16 ਅਗਸਤ 2025: Kishtwar Floods News: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਚਾਸ਼ੋਟੀ ‘ਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਬਚਾਅ ਅਤੇ ਰਾਹਤ ਕਾਰਜ ਜਾਰੀ ਰਹੇ। ਇਸ ਪਿੰਡ ‘ਚ 60 ਜਣਿਆਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਜਣੇ ਜ਼ਖਮੀ ਹੋਏ ਹਨ। ਲਾਪਤਾ ਲੋਕਾਂ ਦੀ ਗਿਣਤੀ 60 ਤੋਂ 70 ਦੇ ਵਿਚਕਾਰ ਦੱਸੀ ਜਾ ਰਹੀ ਹੈ। 14 ਅਗਸਤ ਨੂੰ ਦੁਪਹਿਰ 12:25 ਵਜੇ ਦੇ ਕਰੀਬ ਚਸ਼ੋਤੀ ‘ਚ ਅਚਾਨਕ ਹੜ੍ਹ ਆਇਆ, ਜੋ ਕਿ ਮਚੈਲ ਮਾਤਾ ਮੰਦਰ ਦੇ ਰਸਤੇ ‘ਤੇ ਆਖਰੀ ਪਿੰਡ ਸੀ।
ਜਿਕਰਯੋਗ ਹੈ ਕਿ 8 ਅਗਸਤ ਨੂੰ ਮੌਸਮ ਵਿਭਾਗ ਨੇ 13 ਤੋਂ 15 ਅਗਸਤ ਦੇ ਵਿਚਕਾਰ ਪੁੰਛ, ਰਾਜੋਰੀ, ਰਿਆਸੀ, ਰਾਮਬਨ, ਅਨੰਤਨਾਗ ਦੇ ਕੁਝ ਹਿੱਸਿਆਂ, ਕਿਸ਼ਤਵਾੜ, ਊਧਮਪੁਰ, ਜੰਮੂ ਡਿਵੀਜ਼ਨ ਦੇ ਡੋਡਾ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ। ਰੈੱਡ ਅਲਰਟ ਸੰਬੰਧੀ ਲਗਾਤਾਰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ। ਇਹ ਵੀ ਕਿਹਾ ਗਿਆ ਸੀ ਕਿ 13 ਤੋਂ 14 ਅਗਸਤ ਦੇ ਵਿਚਕਾਰ ਮੌਸਮ ਹੋਰ ਵੀ ਖਰਾਬ ਰਹੇਗਾ। ਇਸ ਸਬੰਧ ‘ਚ ਸਬੰਧਤ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਹੀ ਆਮ ਲੋਕਾਂ ਦੇ ਮੋਬਾਈਲ ਫੋਨਾਂ ‘ਤੇ ਸੁਨੇਹੇ ਭੇਜ ਕੇ ਮੌਸਮ ਸੰਬੰਧੀ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਸਨ।
ਇਸ ਆਫ਼ਤ ਨੇ ਇੱਕ ਅਸਥਾਈ ਬਾਜ਼ਾਰ, ਯਾਤਰਾ ਲਈ ਇੱਕ ਲੰਗਰ (ਸਮੁਦਾਇਕ ਰਸੋਈ) ਸਥਾਨ ਅਤੇ ਇੱਕ ਸੁਰੱਖਿਆ ਚੌਕੀ ਨੂੰ ਤਬਾਹ ਕਰ ਦਿੱਤਾ। ਘੱਟੋ-ਘੱਟ 16 ਰਿਹਾਇਸ਼ੀ ਘਰ ਅਤੇ ਸਰਕਾਰੀ ਇਮਾਰਤਾਂ, ਤਿੰਨ ਮੰਦਰ, ਚਾਰ ਪਣ ਚੱਕੀਆਂ, ਇੱਕ 30 ਮੀਟਰ ਲੰਬਾ ਪੁਲ ਅਤੇ ਇੱਕ ਦਰਜਨ ਤੋਂ ਵੱਧ ਵਾਹਨਾਂ ਨੂੰ ਵੀ ਅਚਾਨਕ ਹੜ੍ਹ ‘ਚ ਨੁਕਸਾਨ ਪਹੁੰਚਿਆ। 25 ਜੁਲਾਈ ਨੂੰ ਸ਼ੁਰੂ ਹੋਈ ਅਤੇ 5 ਸਤੰਬਰ ਨੂੰ ਖਤਮ ਹੋਣ ਵਾਲੀ ਸਾਲਾਨਾ ਮਾਚੈਲ ਮਾਤਾ ਯਾਤਰਾ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਮੁਅੱਤਲ ਰਹੀ।
ਇਸ ਦੇ ਨਾਲ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਕਿਸ਼ਤਵਾੜ ਦੀ ਚਿਸ਼ੋਟੀ ਦੁਖਾਂਤ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਮੌਸਮ ਸੰਬੰਧੀ ਪਿਛਲੇ ਛੇ ਦਿਨਾਂ ਤੋਂ ਜਾਰੀ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਸਾਬਤ ਹੋਇਆ। ਰੈੱਡ ਅਲਰਟ ਦੇ ਬਾਵਜੂਦ, ਮਛੈਲ ਯਾਤਰਾ ਜਾਰੀ ਰਹੀ। ਘਟਨਾ ਦੇ ਸਮੇਂ ਯਾਤਰਾ ਮਾਰਗ ‘ਤੇ ਸ਼ਰਧਾਲੂਆਂ ਦੀ ਭਾਰੀ ਭੀੜ ਸੀ। ਪਾਣੀ ਅਤੇ ਮਲਬੇ ਦੇ ਤੇਜ਼ ਵਹਾਅ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।
Read More: ਕਿਸ਼ਤਵਾੜ ‘ਚ ਬੱਦਲ ਫਟਣ ਦੀ ਘਟਨਾ ਬਾਰੇ CM ਉਮਰ ਅਬਦੁੱਲਾ ਨੇ PM ਮੋਦੀ ਨੂੰ ਦਿੱਤੀ ਜਾਣਕਾਰੀ, 60 ਜਣਿਆਂ ਦੀ ਮੌ.ਤ