July 2, 2024 8:25 pm
Pilgrims

ਬੂਥਗੜ੍ਹ ਤੋਂ 43 ਸ਼ਰਧਾਲੂਆਂ ਦਾ ਤੀਜਾ ਜੱਥਾ ਅੰਮ੍ਰਿਤਸਰ-ਤਲਵੰਡੀ ਸਾਬੋ ਧਾਰਮਿਕ ਯਾਤਰਾ ਲਈ ਰਵਾਨਾ

ਖਰੜ/ਐਸ.ਏ.ਐਸ.ਨਗਰ, 16 ਦਸੰਬਰ, 2023: ਮੁੱਖ ਮੰਤਰੀ ਤੀਰਥ ਯਾਤਰਾ ਤਹਿਤ 43 ਸ਼ਰਧਾਲੂਆਂ (Pilgrims) ਦਾ ਤੀਜਾ ਜੱਥਾ ਸ਼ਨੀਵਾਰ ਨੂੰ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਹਲਕਾ ਖਰੜ ਦੇ ਪਿੰਡ ਬੂਥਗੜ੍ਹ ਤੋਂ ਅੰਮ੍ਰਿਤਸਰ-ਤਲਵੰਡੀ ਸਾਬੋ ਧਾਰਮਿਕ ਯਾਤਰਾ ਲਈ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਗੁਰਮੰਦਰ ਸਿੰਘ ਨੇ ਦੱਸਿਆ ਕਿ ਇਸ ਇਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੀ ਦੋ ਦਿਨਾਂ ਯਾਤਰਾ ਲਈ ਪੰਜਾਬ ਸਰਕਾਰ ਵੱਲੋਂ ਹਰ ਪਹਿਲੂ ਤੋਂ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਰਧਾਲੂਆਂ ਨੂੰ ਖਾਣ-ਪੀਣ ਤੇ ਰਹਿਣ ਲਈ ਕੋਈ ਖਰਚਾ ਨਹੀਂ ਕਰਨਾ ਪਵੇਗਾ। ਰਾਜ ਸਰਕਾਰ ਵੱਲੋਂ ਲੋੜੀਂਦੀਆਂ ਟਾਇਲਟਰੀ ਕਿੱਟਾਂ ਤੋਂ ਇਲਾਵਾ ਕੰਬਲ, ਚਾਦਰਾਂ, ਸਿਰਹਾਣੇ ਵੀ ਮੁਹੱਈਆ ਕਰਵਾਏ ਗਏ ਹਨ।

ਉਨ੍ਹਾਂ ਕਿਹਾ ਕਿ ਬੱਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਸ਼ਰਧਾਲੂਆਂ (Pilgrims) ਦਾ ਪੂਰੀ ਤਰ੍ਹਾਂ ਮੈਡੀਕਲ ਚੈਕਅੱਪ ਕੀਤਾ ਗਿਆ। ਤੀਰਥ ਯਾਤਰਾ ਬੱਸ ਨੂੰ ਐਸ ਡੀ ਐਮ ਗੁਰਮੰਦਰ ਸਿੰਘ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਸ. ਜ਼ੋਰਾ ਸਿੰਘ ਮਾਨ ਨਾਲ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਸ਼ਰਧਾਲੂਆਂ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਬਿਨਾਂ ਕਿਸੇ ਪੱਖਪਾਤ ਦੇ ਸੂਬਾ ਵਾਸੀਆਂ ਨੂੰ ਉਨ੍ਹਾਂ ਦੇ ਇਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼ੁਭ ਅਵਸਰ ਪ੍ਰਦਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਇਤਿਹਾਸਕ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਦਾ ਅਜਿਹਾ ਮੌਕਾ ਮਿਲਣ ‘ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਆਤਮਿਕ ਸੰਤੁਸ਼ਟੀ ਹੈ।

ਬੂਥਗੜ੍ਹ ਤੋਂ ਕਰਮਜੀਤ ਕੌਰ, ਪਲਵਿੰਦਰ ਕੌਰ, ਜਸਬੀਰ ਕੌਰ ਅਤੇ ਮਨਵੀਰ ਸਿੰਘ ਤੋਂ ਇਲਾਵਾ ਕੁੱਬਾਹੇੜੀ ਤੋਂ ਹਰਮਨਪ੍ਰੀਤ ਕੌਰ ਅਤੇ ਸਰਬਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਜੋ ਉਨ੍ਹਾਂ ਸਾਰੇ ਲੋਕਾਂ ਲਈ ਸਹਾਈ ਹੋਵੇਗਾ ਜੋ ਇਨ੍ਹਾਂ ਧਾਰਮਿਕ ਸਥਾਨਾਂ ‘ਤੇ ਜਾਣਾ ਚਾਹੁੰਦੇ ਸਨ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਨਹੀਂ ਸਨ ਜਾ ਸਕੇ।

ਮੁੱਖ ਮੰਤਰੀ ਤੀਰਥ ਯਾਤਰਾ ਦੇ ਜ਼ਿਲ੍ਹਾ ਨੋਡਲ ਅਫ਼ਸਰ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਹਰੇਕ ਹਲਕੇ ਤੋਂ ਤੀਰਥ ਯਾਤਰਾ ਲਈ ਅੱਠ-ਅੱਠ ਬੱਸਾਂ ਚੱਲਣਗੀਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ।