Aam Aadmi Clinics

Aam Aadmi clinics: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਨੂੰ ਮਿਲੇ ਨਵੇਂ 30 ਆਮ ਆਦਮੀ ਕਲੀਨਿਕ

ਚਾਉਕੇ (ਬਠਿੰਡਾ), 23 ਸਤੰਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 30 ਹੋਰ ਆਮ ਆਦਮੀ ਕਲੀਨਿਕ (Aam Aadmi Clinics) ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਇਸਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ | ਸੂਬੇ ਭਰ ‘ਚ ਹੁਣ ਕੁੱਲ 872 ਕਲੀਨਿਕ ਕਾਰਜਸ਼ੀਲ ਹਨ |

ਸੀਐੱਮ ਭਗਵੰਤ ਮਾਨ ਨੇ ਇਨ੍ਹਾਂ 30 ਕਲੀਨਿਕਾਂ ‘ਚੋਂ ਬਠਿੰਡਾ ‘ਚ 5 , ਹੁਸ਼ਿਆਰਪੁਰ ‘ਚ 2, ਮਾਨਸਾ ‘ਚ 7, ਮੋਗਾ ‘ਚ 3, ਪਟਿਆਲਾ ‘ਚ 6, ਮੋਹਾਲੀ ‘ਚ 5 ਅਤੇ ਸ੍ਰੀ ਮੁਕਤਸਰ ਸਾਹਿਬ ‘ਚ 2 ਕਲੀਨਿਕਾਂ ਨੂੰ ਲੋਕ ਅਰਪਣ ਕੀਤਾ ਗਿਆ ਹੈ |

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਆਮ ਆਦਮੀ ਕਲੀਨਿਕ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ‘ਚ ਮੀਲ ਪੱਥਰ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ‘ਚ ਕੁੱਲ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਸੀਐੱਮ ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ‘ਚ ਹੁਣ ਤੱਕ 2.07 ਕਰੋੜ ਮਰੀਜ਼ ਇਲਾਜ ਲਈ ਆ ਚੁੱਕੇ ਹਨ।

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ (Aam Aadmi Clinics)  ‘ਚ 72 ਲੱਖ ਤੋਂ ਵੱਧ ਮੁਫ਼ਤ ਜਾਂਚ ਟੈਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਨਾਲ ਪੰਜਾਬ ਦੇ ਲੋਕਾਂ ਦੇ ਸਿਹਤ ਖਰਚੇ ‘ਚ 1050 ਕਰੋੜ ਰੁਪਏ ਦੀ ਬੱਚਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੈਕੰਡਰੀ ਸਿਹਤ ਸੇਵਾਵਾਂ ਵਿੱਚ ਸਾਰੀਆਂ ਨਿਰਧਾਰਤ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਸੀ.ਐਮ.ਓਜ਼/ਐਸ.ਐਮ.ਓਜ਼ ਨੂੰ ਸਥਾਨਕ ਪੱਧਰ ‘ਤੇ ਦਵਾਈਆਂ ਦੀ ਖਰੀਦ ਲਈ ਅਧਿਕਾਰਤ ਕੀਤਾ ਗਿਆ ਹੈ। ਦਵਾਈਆਂ ਦੀ ਖਰੀਦ ਅਤੇ ਸਪਲਾਈ ਲੜੀ ਦਾ ਕੇਂਦਰੀਕਰਨ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਸੀਐੱਮ ਭਗਵੰਤ ਮਾਨ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਮਰੀਜ਼ਾਂ ਦੀ ਲਗਭਗ 102.98 ਕਰੋੜ ਰੁਪਏ ਦੀ ਬੱਚਤ ਹੋਈ ਹੈ।

ਇਸਦੇ ਨਾਲ ਹੀ ਸੀਐੱਮ ਮਾਨ ਨੇ ਕਿਹਾ ਕਿ ਸਾਰੀਆਂ ਸੈਕੰਡਰੀ ਸਿਹਤ ਸਹੂਲਤਾਂ ‘ਤੇ ਮੁਫ਼ਤ ਐਕਸ-ਰੇ ਅਤੇ ਅਲਟਰਾਸਾਊਂਡ ਸਹੂਲਤਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 512 ਪ੍ਰਾਈਵੇਟ ਐਕਸ-ਰੇ ਅਤੇ ਅਲਟਰਾਸਾਊਂਡ ਸੈਂਟਰਾਂ ਨੂੰ ਮਾਮੂਲੀ ਸਰਕਾਰੀ ਨਿਰਧਾਰਤ ਦਰਾਂ ‘ਤੇ ਸੇਵਾਵਾਂ ਪ੍ਰਦਾਨ ਕਰਨ ਲਈ ਸੂਚੀਬੱਧ ਕੀਤਾ ਹੈ ਅਤੇ ਇਸ ਤੋਂ ਇਲਾਵਾ ਮੌਜੂਦਾ ਸਰਕਾਰੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਮਰੀਜ਼ ਇਸ ਦਾ ਲਾਹਾ ਲੈ ਰਹੇ ਹਨ ਕਿਉਂਕਿ ਹਰ ਰੋਜ ਕੀਤੇ ਜਾਣ ਵਾਲੇ ਅਲਟਰਾਸਾਊਂਡ ਦੀ ਗਿਣਤੀ 650 ਤੋਂ ਵਧ ਕੇ 1350 ਹੋ ਗਈ ਹੈ, ਜਦਕਿ ਪੰਜਾਬ ‘ਚ ਐਕਸ-ਰੇ ਦੀ ਗਿਣਤੀ 3000 ਤੋਂ ਵੱਧ ਕੇ 4200 ਹੋ ਗਈ ਹੈ। ਹੁਣ ਤੱਕ ਕੁੱਲ 7.52 ਲੱਖ ਮਰੀਜ਼ਾਂ (5.67 ਲੱਖ ਐਕਸ-ਰੇ ਸੇਵਾਵਾਂ ਅਤੇ 1.85 ਲੱਖ ਯੂਐਸਜੀ ਸੇਵਾਵਾਂ ਪ੍ਰਾਪਤ ਕੀਤੀਆਂ) ਨੇ ਇਨ੍ਹਾਂ ਸੇਵਾਵਾਂ ਦੀ ਵਰਤੋਂ ਕੀਤੀ ਹੈ ।

Scroll to Top