Assembly elections

Haryana elections: ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ ਹੋਣਗੇ 20,629 ਪੋਲਿੰਗ ਬੂਥ: ਪੰਕਜ ਅਗਰਵਾਲ

ਚੰਡੀਗੜ੍ਹ, 3 ਅਗਸਤ 2024: (Haryana assembly elections) ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਵੋਟਰ ਸੂਚੀ ਸੁਧਾਈ ਪ੍ਰੋਗਰਾਮ ਦੇ ਤਹਿਤ ਰਾਜ ਦੀ ਵੋਟਰ ਸੂਚੀ ਦੀ ਸ਼ੁਰੂਆਤੀ ਪ੍ਰਕਾਸ਼ਨਾ 2 ਅਗਸਤ 2024 ਨੂੰ ਸਾਰੇ ਨਿਰਧਾਰਤ ਸਥਾਨਾਂ ‘ਤੇ ਕੀਤੀ ਜਾ ਚੁੱਕੀ ਹੈ | ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਪੂਰੀ ਤਰ੍ਹਾਂ ਅਧਿਐਨ ਕਰਨ ਅਤੇ ਜੇਕਰ ਡਰਾਫਟ ਸੂਚੀਆਂ ‘ਚ ਕਿਸੇ ਕਿਸਮ ਦੀ ਤਰੁੱਟੀ ਹੈ ਤਾਂ ਉਹ 16 ਅਗਸਤ ਤੱਕ ਨਿਰਧਾਰਤ ਫਾਰਮ-6, ਫਾਰਮ-7 ਅਤੇ ਫਾਰਮ-8 ਰਾਹੀਂ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਅਫਸਰ ਕੋਲ ਦਰਜ ਕਰਵਾ ਸਕਦੇ ਹਨ।

ਪੰਕਜ ਅਗਰਵਾਲ ਅੱਜ ਚੰਡੀਗੜ੍ਹ ਵਿਖੇ ਵੋਟਰ ਸੂਚੀ ਦੀ ਦੂਜੀ ਸੁਧਾਈ ਸਬੰਧੀ ਰਾਜ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ (Haryana assembly elections) ਲਈ ਕੁੱਲ 20,629 ਪੋਲਿੰਗ ਬੂਥ ਹੋਣਗੇ, ਜਿਨ੍ਹਾਂ ‘ਚੋਂ 817 ਪੋਲਿੰਗ ਬੂਥ ਨਵੇਂ ਬਣਾਏ ਗਏ ਹਨ। ਲੋਕ ਸਭਾ ਚੋਣਾਂ ਦੌਰਾਨ ਸੂਬੇ ‘ਚ ਪੋਲਿੰਗ ਬੂਥਾਂ ਦੀ ਗਿਣਤੀ 19,812 ਸੀ। ਇਸ ਤੋਂ ਇਲਾਵਾ 699 ਪੋਲਿੰਗ ਬੂਥਾਂ ਦੀ ਵਿਵਸਥਾ ਵੀ ਕੀਤੀ ਗਈ ਹੈ।

ਸੂਬੇ ਦੇ ਸਾਰੇ 22 ਜ਼ਿਲ੍ਹਿਆਂ ‘ਚ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਦੇ ਇੰਜਨੀਅਰਾਂ ਵੱਲੋਂ ਈਵੀਐਮ ਦੀ ਪਹਿਲੀ ਪੱਧਰੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਉਹ ਆਪਣੇ ਜ਼ਿਲ੍ਹਾ ਪੱਧਰ ‘ਤੇ ਨਿਯੁਕਤ ਕੀਤੇ ਗਏ ਦਫ਼ਤਰ ਇੰਚਾਰਜਾਂ ਨਾਲ ਸੰਪਰਕ ਕਰਕੇ ਜਾਣਕਾਰੀ ਦੇਣ, ਤਾਂ ਜੋ ਉਹ ਆਪਣੀ ਹਾਜ਼ਰੀ ਯਕੀਨੀ ਬਣਾ ਸਕਣ।

ਪੰਕਜ ਅਗਰਵਾਲ ਨੇ ਦੱਸਿਆ ਕਿ ਸੁਧਾਈ ਹੋਈ ਵੋਟਰ ਸੂਚੀ ਦੀ ਤਿਆਰੀ ਲਈ ਸ਼ਨੀਵਾਰ 3 ਅਗਸਤ, ਐਤਵਾਰ 4 ਅਗਸਤ, ਸ਼ਨੀਵਾਰ 10 ਅਗਸਤ ਅਤੇ ਐਤਵਾਰ 11 ਅਗਸਤ ਨੂੰ ਵਿਸ਼ੇਸ਼ ਮਿਤੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ। ਇਨ੍ਹਾਂ ਮਿਤੀਆਂ ‘ਤੇ ਬੂਥ ਲੈਵਲ ਅਫ਼ਸਰ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ ਅਤੇ ਲੋਕਾਂ ਨੂੰ ਆਪਣੀ ਵੋਟ ਬਣਾਉਣ ‘ਚ ਸਹਾਇਤਾ ਕਰਨਗੇ। ਉਨ੍ਹਾਂ ਹਾਜ਼ਰ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਤਾਂ ਜੋ ਉਹ ਇਨ੍ਹਾਂ ਮਿਤੀਆਂ ‘ਤੇ ਬੀ.ਐਲ.ਓਜ਼ ਨਾਲ ਸੰਪਰਕ ਕਰ ਸਕਣ।

ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ਦੀ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ ਅਤੇ 26 ਅਗਸਤ ਤੱਕ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 27 ਅਗਸਤ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਸਿਰਫ਼ ਉਹੀ ਵਿਅਕਤੀ ਆਪਣੀ ਵੋਟ ਪਾ ਸਕਦਾ ਹੈ, ਜਿਸ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੋਵੇ।

ਵੋਟ ਬਣਾਉਣ ਲਈ ਫਾਰਮ-6, ਵੋਟ ਕੱਟਣ ਲਈ ਫਾਰਮ-7 ਅਤੇ ਪਤਾ ਬਦਲਣ ਲਈ ਫਾਰਮ-8 ਭਾਰਤੀ ਚੋਣ ਕਮਿਸ਼ਨ ਦੇ ਪੋਰਟਲ www.voterportal.eci.gov.in ਅਤੇ ਵਿਭਾਗ ਦੀ ਵੈੱਬਸਾਈਟ www.ceoharyana.gov.in ‘ਤੇ ਉਪਲਬਧ ਹਨ | ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਦੇ ਟੋਲ ਫ਼ਰੀ ਨੰਬਰ 1950 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Scroll to Top