July 7, 2024 6:11 am
Central Cabinet

ਕੇਂਦਰ ਮੰਤਰੀ ਮੰਡਲ ‘ਚ ਹੋ ਸਕਦੈ ਫੇਰਬਦਲ, ਇੰਨ੍ਹਾਂ ਮੰਤਰੀਆਂ ਨੂੰ ਮਿਲ ਸਕਦੀਆਂ ਹਨ ਵੱਡੀ ਜ਼ਿੰਮੇਵਾਰੀਆਂ

ਚੰਡੀਗੜ੍ਹ 11 ਜਨਵਰੀ 2023: ਕੇਂਦਰ ਸਰਕਾਰ ਦੇ ਮੰਤਰਾਲਿਆਂ ਵਿੱਚ ਇਨ੍ਹੀਂ ਦਿਨੀਂ ਕਾਫੀ ਹਲਚਲ ਦੇਖੀ ਜਾ ਰਹੀ ਹੈ | ਭਾਜਪਾ ਪਾਰਟੀ ਹੈੱਡਕੁਆਰਟਰ ਤੋਂ ਲੈ ਕੇ ਪੀਐਮਓ ਤੱਕ ਉੱਚ ਪੱਧਰੀ ਮੀਟਿੰਗਾਂ ਦਾ ਦੌਰ ਮੋਦੀ ਮੰਤਰੀ ਮੰਡਲ ਵਿੱਚ ਵੱਡੇ ਫੇਰਬਦਲ ਦਾ ਸੰਕੇਤ ਦੇ ਰਿਹਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕੇਂਦਰੀ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ | ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਅੰਤਿਮ ਪੁਨਰਗਠਨ ਹੋਵੇਗਾ।

ਇਹ ਟੀਮ ਇਸ ਸਾਲ 10 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰੇਗੀ। ਇਸ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀਆਂ ਭੂਪੇਂਦਰ ਯਾਦਵ, ਧਰਮਿੰਦਰ ਪ੍ਰਧਾਨ ਅਤੇ ਅਨੁਰਾਗ ਠਾਕੁਰ ਨੂੰ ਨਵੀਂਆਂ ਅਤੇ ਅਹਿਮ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਇਸੇ ਤਰ੍ਹਾਂ ਗੁਜਰਾਤ ਚੋਣਾਂ ਦੇ ਰਣਨੀਤੀਕਾਰ ਮੰਨੇ ਜਾਂਦੇ ਸੀਆਰ ਪਾਟਿਲ ਨੂੰ ਦਿੱਲੀ ਵਿੱਚ ਅਹਿਮ ਭੂਮਿਕਾ ਵਿੱਚ ਲਿਆਂਦਾ ਜਾ ਸਕਦਾ ਹੈ।

ਸੂਤਰਾਂ ਮੁਤਾਬਕ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਨ੍ਹਾਂ ਨੂੰ ਸੰਗਠਨ ‘ਚ ਕੋਈ ਅਹਿਮ ਅਹੁਦਾ ਮਿਲੇਗਾ ਜਾਂ ਫਿਰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਊਰਜਾ ਮੰਤਰੀ ਆਰ.ਕੇ.ਸਿੰਘ ਲਈ ਵੀ ਨਵੀਂ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

20 ਜਨਵਰੀ ਤੋਂ, ਭਾਜਪਾ ਜੋ ਕਿ ਆਮ ਚੋਣਾਂ ਦੀ ਤਿਆਰੀ ਕਰ ਰਹੀ ਹੈ, ਪਿਛਲੀਆਂ ਚੋਣਾਂ ਵਿੱਚ ਲੜੀਆਂ 436 ਲੋਕ ਸਭਾ ਸੀਟਾਂ ‘ਤੇ ਕੇਂਦਰੀ ਮੰਤਰੀ ਤਾਇਨਾਤ ਕਰੇਗੀ। ਮੰਤਰੀ ਰੋਟੇਸ਼ਨ ਦੇ ਆਧਾਰ ‘ਤੇ ਤਿੰਨ ਦਿਨ ਉਥੇ ਰਹਿਣਗੇ ਅਤੇ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣਗੇ। ਸੂਤਰਾਂ ਦਾ ਕਹਿਣਾ ਹੈ ਕਿ ਹਰੇਕ ਮੰਤਰੀ 7-8 ਸੀਟਾਂ ਲਈ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਨੂੰ ਕੇਂਦਰ ਦੀਆਂ ਭਲਾਈ ਸਕੀਮਾਂ ਦੇ ਲਾਗੂ ਹੋਣ ਅਤੇ ਇਸ ਦੇ ਪ੍ਰਭਾਵ ਬਾਰੇ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਤਿਆਰ ਕਰਨੀ ਹੋਵੇਗੀ।