ਮਾਨਸਾ, 15 ਜੁਲਾਈ ,2023: ਮਾਨਸਾ ਜ਼ਿਲ੍ਹੇ ਦੇ ਨਜਦੀਕੀ ਹਰਿਆਣਾ ਦੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਮਾਨਸਾ ਦੇ ਨਜ਼ਦੀਕ ਸਰਦੂਲਗੜ੍ਹ (Sardulgarh) ਦੇ ਘੱਗਰ ਦਰਿਆ ਦੇ ਵਿੱਚ ਪਾੜ ਪੈਣ ਕਾਰਨ ਨਜਦੀਕੀ ਪਿੰਡ ਸਾਧੂ ਵਾਲਾ ਅਤੇ ਹੋਰ ਆਸ ਪਾਸ ਦੇ ਪਿੰਡ ਮੋਫਰ, ਦਾਨੇਵਾਲ ਵਿੱਚ ਪਾਣੀ ਦਾਖ਼ਲ ਹੋਣ ਦੀ ਸੰਭਾਵਨਾ ਹੈ | ਪਿੰਡ ਦੇ ਲੋਕ ਪਾਣੀ ਦੇ ਡਰ ਤੋਂ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾ ਰਹੇ ਹਨ |
ਪਿੰਡ ਵਾਸੀਆਂ ਨੇ ਕਿਹਾ ਕਿ ਰਿਸ਼ਤੇਦਾਰੀਆਂ ਵਿੱਚੋਂ ਟਰਾਲੀਆਂ ਬੁਲਾ ਕੇ ਘਰ ਦਾ ਸਾਰਾ ਸਮਾਨ ਭਰ ਕੇ ਰਿਸ਼ਤੇਦਾਰੀਆਂ ਜਾਂ ਫਿਰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਹੇ ਹਨ ਅਤੇ ਟਰਾਲੀਆਂ ਦੇ ਵਿੱਚ ਆਪਣੇ ਪਸ਼ੂਆਂ ਨੂੰ ਵੀ ਲੱਦ ਕੇ ਲਿਜਾ ਰਹੇ ਹਨ | ਟਰਾਲੀਆਂ ਦੇ ਵਿੱਚ ਸਮਾਨ ਭਰ ਕੇ ਲਿਜਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਉਨ੍ਹਾਂ ਦੇ ਪਿੰਡਾਂ ਦੇ ਵਿੱਚ ਵੀ ਸਪੀਕਰਾਂ ‘ਚੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਪਿੰਡ ਖਾਲੀ ਕੀਤਾ ਜਾਵੇ।
ਜਿਸ ਦੇ ਚੱਲਦਿਆਂ ਹਰ ਕੋਈ ਜਲਦੀ ਦੇ ਵਿੱਚ ਜੋ ਵੀ ਉਹਨਾਂ ਤੋਂ ਸਮਾਨ ਚੱਕਿਆ ਜਾ ਰਿਹਾ ਹੈ ਉਸ ਨੂੰ ਲੈ ਕੇ ਰਹੇ ਹਨ। ਪੀੜਿਤ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਕੋਈ ਵੀ ਸੁਵਿਧਾ ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਗ਼ਰੀਬ ਲੋਕ ਕੋਈ ਸਾਧਨ ਨਾ ਹੋਣ ਕਾਰਨ ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹਨ ਦੇ ਲਈ ਮਜਬੂਰ ਹੋ ਗਏ ਹਨ | ਬੇਸ਼ੱਕ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਹੀ ਪਾਣੀ ‘ਤੇ ਕੰਟਰੋਲ ਕਰ ਲਿਆ ਜਾਵੇਗਾ। ਪਰ ਹਲਾਤ ਬਦਤਰ ਹੁੰਦੇ ਜਾ ਰਹੇ ਹਨ | ਜਿਸ ਕਾਰਨ ਹਰ ਕੋਈ ਆਪਣੀ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਜਗ੍ਹਾ ‘ਤੇ ਪਹੁੰਚ ਰਿਹਾ ਹੈ।