July 2, 2024 8:56 pm
ਨਸ਼ਿਆਂ

ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਦੇ ਬੱਡੀਜ਼ ਵੱਲੋਂ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਹੋਕਾ

ਖਰੜ/ ਐਸ ਏ ਐਸ ਨਗਰ, 17 ਅਕਤੂਬਰ, 2023:ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਪ੍ਰਿੰਸੀਪਲ ਰਾਜੀਵ ਪੁਰੀ ਦੀ ਅਗਵਾਈ ਹੇਠ ‘ਡਰੱਗ ਐਡਿਕਸ਼ਨ’ ਅਤੇ ਇਸ ਦੇ ਬੁਰੇ ਪ੍ਰਭਾਵਾਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਕ ਸੈਮੀਨਾਰ ਕਰਵਾਇਆ ਗਿਆ।

ਇਹ ਸੈਮੀਨਾਰ ਰਾਸ਼ਟਰੀ ਯੁਵਕ ਸੇਵਾਵਾਂ ਦੇ ਪ੍ਰੋਗਰਾਮ ਅਫਸਰ ਡਾਕਟਰ ਰਵਿੰਦਰ ਕੁਮਾਰ ਅਤੇ ਇੰਚਾਰਜ ਬਡੀ ਪ੍ਰੋਗਰਾਮ ਅਮਨਦੀਪ ਸਿੰਘ ਦੁਆਰਾ ਆਯੋਜਿਤ ਕੀਤਾ ਗਿਆ। ਮਨੋਵਿਗਿਆਨ ਦੇ ਮਾਹਿਰ ਡਾਕਟਰ ਪਿੰਕੀ, ਸਿਵਲ ਹਸਪਤਾਲ, ਖਰੜ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਨਸ਼ੀਲੀਆਂ ਵਸਤੂਆਂ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ। ਇਸ ਤੋਂ ਬਾਅਦ ਐਮ ਐਲ ਟੀ ਵਿਭਾਗ ਦੀ ਇਕ ਵਿਦਿਆਰਥਣ ਨੇ ਨਸ਼ਿਆਂ ਤੇ ਇਕ ਕਵਿਤਾ ਦਾ ਗਾਇਨ ਵੀ ਕੀਤਾ।

ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਉਹ ਇਸ ‘ਐਂਟੀ ਡਰੱਗ ਕੈਂਪੇਨ’ ਵਿੱਚ ਆਪਣਾ ਹਿੱਸਾ ਪਾਉਣ ਅਤੇ ਆਪਣੇ ਪਰਿਵਾਰ ਤੇ ਆਲ਼ੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ। ਇਸ ਮੌਕੇ ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਦੀਆਂ ਤਕਨੀਕੀ ਸੰਸਥਾਵਾਂ ਵਿੱਚ ਕੁਲ 1113 ਬੱਡੀਜ਼ ਗਰੁੱਪਾਂ ਦਾ ਗਠਨ ਕਰਕੇ ਕੁੱਲ 8530 ਬੱਡੀਜ਼ ਤਿਆਰ ਕੀਤੇ ਜਾ ਰਹੇ ਹਨ।

ਕਾਲਜ ਦੇ ਸਿਵਲ ਇੰਜਨੀਅਰਿੰਗ ਦੇ ਆਫਿਸ ਇੰਚਾਰਜ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਪੰਜਾਬ ਦੇ ਬੱਡੀਜ਼ ਪ੍ਰੋਗਰਾਮ ਦੇ ਸਹਾਇਕ ਕੋਆਰਡੀਨੇਟਰ ਗੁਰਬਖਸ਼ੀਸ਼ ਸਿੰਘ ਨੇ ਵਿਦਿਆਰਥੀਆਂ ਨੂੰ ਬੱਡੀਜ਼ ਗਰੁੱਪਾਂ ਦੀ ਮਹੱਤਤਾ ਅਤੇ ਉਹਨਾਂ ਦੇ ਕਾਰਜ ਸ਼ੈਲੀ ਬਾਰੇ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੈ ਵੱਖ ਵੱਖ ਕਲਚਰਲ ਗਤਿਵਿਧਿਆਂ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ।

ਉਹਨਾਂ ਦੱਸਿਆ ਕਿ ਰੰਗਲੇ ਪੰਜਾਬ ਦੀ ਸਥਾਪਨਾ ਲਈ ਜ਼ਰੂਰੀ ਹੈ ਕਿ ਨੌਜਵਾਨ ਨਸ਼ਾ ਰਹਿਤ ਪੰਜਾਬ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਪ੍ਰਿਸੀਪਲ ਰਾਜੀਵ ਪੁਰੀ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖੇਡ ਕਿੱਟਾਂ ਵੀ ਵੰਡੀਆਂ ਗਈਆਂ। ਪ੍ਰੋਗਰਾਮ ਦੇ ਅੰਤ ਵਿਚ ਡਾਕਟਰ ਰਵਿੰਦਰ ਕੁਮਾਰ ਨੇ ਸਾਰੇ ਫੈਕਲਟੀ ਮੈਂਬਰਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।