ਚੰਡੀਗੜ੍ਹ, 30 ਮਾਰਚ 2023: ਇੱਕ ਵਾਰ ਫਿਰ ਕੋਰੋਨਾ (Corona) ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ। ਛੇ ਮਹੀਨਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੱਕ ਦਿਨ ਵਿੱਚ ਰਿਕਾਰਡ 3,016 ਮਰੀਜ਼ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 2 ਅਕਤੂਬਰ ਨੂੰ ਸਭ ਤੋਂ ਵੱਧ 3,375 ਮਾਮਲੇ ਦਰਜ ਕੀਤੇ ਗਏ ਸਨ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਦੇਸ਼ ‘ਚ ਇਨਫੈਕਸ਼ਨ ਕਾਰਨ 14 ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਅੱਠ ਕੇਰਲ ਦੇ ਸਨ, ਜਦੋਂ ਕਿ ਤਿੰਨ ਮਹਾਰਾਸ਼ਟਰ, ਦੋ ਦਿੱਲੀ ਅਤੇ ਇੱਕ ਹਿਮਾਚਲ ਪ੍ਰਦੇਸ਼ ਤੋਂ ਸੀ। ਇਨਫੈਕਸ਼ਨ ਕਾਰਨ ਜਾਨ ਗੁਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 5 ਕਰੋੜ 30 ਹਜ਼ਾਰ 862 ਹੋ ਗਈ ਹੈ।
ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ 2.73% ਹੋ ਗਈ ਹੈ, ਜਦੋਂ ਕਿ ਹਫ਼ਤਾਵਾਰ ਸਕਾਰਾਤਮਕਤਾ ਦਰ 1.71% ਹੈ। ਦੇਸ਼ ਵਿੱਚ ਹੁਣ ਤੱਕ 4 ਕਰੋੜ 47 ਲੱਖ 12 ਹਜ਼ਾਰ 692 ਕੋਰੋਨਾ (Corona) ਸੰਕਰਮਣ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 0.03 ਫੀਸਦੀ ਮਰੀਜ਼ ਇਲਾਜ ਅਧੀਨ ਹਨ, ਜਦਕਿ 98.78 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਜਦਕਿ 1.19 ਫੀਸਦੀ ਮਰੀਜਾਂ ਦੀ ਮੌਤ ਹੋ ਗਈ। ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.65 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਮੰਗਲਵਾਰ ਨੂੰ ਦੋ ਹਜ਼ਾਰ ਤੋਂ ਵੱਧ ਸੰਕਰਮਿਤ ਪਾਏ ਗਏ
ਇਸ ਤੋਂ ਪਹਿਲਾਂ ਮੰਗਲਵਾਰ ਨੂੰ 2,151 ਸੰਕਰਮਿਤਾਂ ਦੀ ਪਛਾਣ ਕੀਤੀ ਗਈ ਸੀ। ਇਸ ਦੌਰਾਨ ਸੱਤ ਜਣਿਆਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਰੋਜ਼ਾਨਾ ਸਕਾਰਾਤਮਕਤਾ ਦਰ 1.51 ਪ੍ਰਤੀਸ਼ਤ ਸੀ, ਜਦੋਂ ਕਿ ਹਫ਼ਤਾਵਾਰ ਸਕਾਰਾਤਮਕਤਾ ਦਰ 1.53 ਪ੍ਰਤੀਸ਼ਤ ਸੀ।