ਚੰਡੀਗੜ੍ਹ, 11 ਜੂਨ 2024: ਚੰਡੀਗੜ੍ਹ (Chandigarh) ‘ਚ ਅੱਜ ਸਵੇਰੇ 8.30 ਵਜੇ ਇਕ ਹਰਿਆਣਾ ਦਾ ਨੌਜਵਾਨ ਸੈਕਟਰ-17 ਦੇ ਬੱਸ ਸਟੈਂਡ ਦੇ ਪਿੱਛੇ ਇਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ ‘ਤੇ ਚੜ੍ਹ ਗਿਆ। ਉਕਤ ਨੌਜਵਾਨ 5 ਘੰਟੇ ਤੱਕ 50 ਫੁੱਟ ਟਾਵਰ ‘ਤੇ ਬੈਠਾ ਰਿਹਾ। ਇਸਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਹੇਠਾਂ ਉਤਾਰ ਲਿਆ |
ਪਹਿਲਾਂ ਨੌਜਵਾਨ ਨੇ ਪੁਲਿਸ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਉਸਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਦੇਵੇਗਾ। ਹਾਲਾਂਕਿ, ਬਾਅਦ ਵਿੱਚ ਉਹ ਮੰਨ ਗਿਆ ਅਤੇ ਪੁਲਿਸ ਨੇ ਹਾਈਡ੍ਰੌਲਿਕ ਮਸ਼ੀਨ ਦੀ ਵਰਤੋਂ ਕਰਕੇ ਉਸਨੂੰ ਹੇਠਾਂ ਉਤਾਰਿਆ।
ਪੁਲਿਸ ਅਨੁਸਾਰ ਵਿਕਰਮ ਢਿੱਲੋਂ ਨਾਮ ਦਾ ਇਹ ਨੌਜਵਾਨ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਦਾ ਪੰਜਾਬ ਦੇ ਮਾਨਸਾ ‘ਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਨੌਜਵਾਨ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦਾ ਹੈ।
ਚੰਡੀਗੜ੍ਹ (Chandigarh) ਦੇ ਡੀਐਸਪੀ ਗੁਰਮੁੱਖ ਸਿੰਘ ਅਤੇ ਚਰਨਜੀਤ ਸਿੰਘ ਵਿਰਕ ਨੇ ਵਿਕਰਮ ਢਿੱਲੋਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨਵਰਾਜ ਬਰਾੜ ਨਾਲ ਗੱਲ ਕੀਤੀ ਗਈ। ਉਨ੍ਹਾਂ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਮਾਨਸਾ ਪੁਲਿਸ ਤੋਂ ਰਿਪੋਰਟ ਮੰਗੀ ਹੈ।