ਮੋਗਾ, 07 ਦਸੰਬਰ 2023: ਮੋਗਾ-ਫ਼ਿਰੋਜਪੁਰ ਨੈਸ਼ਨਲ ਹਾਈਵੇਅ 95 ‘ਤੇ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਨਗਰ ਨਿਗਮ ਮੋਗਾ (Moga) ਵੱਲੋਂ ਜੀ.ਟੀ ਰੋਡ ‘ਤੇ ਓਪਨ ਏਅਰ ਮੀਟ-ਮੱਛੀ ਮਾਰਕੀਟ ‘ਤੇ ਪੀਲਾ ਪੰਜਾ ਚਲਾ ਦਿੱਤਾ | ਨਗਰ ਨਿਗਮ ਮੁਤਾਬਕ ਇਹ ਸਰਕਾਰੀ ਜ਼ਮੀਨ ‘ਤੇ ਨਾਜਾਇਜ ਤੌਰ ‘ਤੇ ਬਣਾਈ ਮਾਰਕੀਟ ਸੀ, ਜਿਸ ‘ਤੇ ਨਗਰ ਨਿਗਮ ਦੇ ਪੀਲੇ ਪੰਜੇ ਦੀ ਵਰਤੋਂ ਕੀਤੀ ਗਈ ।
ਦੱਸਿਆ ਜਾ ਰਿਹਾ ਹੈ ਕਿ ਜੀਟੀ ਰੋਡ ‘ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ । ਇਸ ਦੇ ਨਾਲ ਹੀ ਜਦੋਂ ਨਗਰ ਨਿਗਮ (Moga) ਵੱਲੋਂ ਪੀਲਾ ਪੰਜਾ ਚਲਾਇਆ ਜਾ ਰਿਹਾ ਸੀ ਤਾਂ ਇਸਦੇ ਵਿਰੋਧ ‘ਚ ਇਕ ਦੁਕਾਨਦਾਰ ਵੱਲੋਂ ਆਪਣੇ ਆਪ ‘ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਪੁਲਿਸ ਨੇ ਮੌਕੇ ‘ਤੇ ਫੜ ਲਿਆ ਅਤੇ ਅੱਗ ਲਗਾਉਣ ਤੋਂ ਬਚਾ ਲਿਆ। ਪੂਰੀ ਮਾਰਕੀਟ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤੀ ਹੈ |