Gram Panchayats

ਗਲਤੀ ਕਰਨ ਵਾਲੇ ਨੂੰ ਨੋਟਿਸ ਨਹੀਂ ਸਿੱਧਾ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇਗਾ: ਰਾਜਾ ਵੜਿੰਗ

ਚੰਡੀਗੜ੍ਹ, 23 ਜਨਵਰੀ 2024: ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਨੂੰ ਲੈ ਕੇ ਪੰਜਾਬ ਕਾਂਗਰਸ ‘ਚ ਟਕਰਾਅ ਤੇਜ਼ ਹੋ ਗਿਆ ਹੈ। ਮਹੇਸ਼ਇੰਦਰ ਸਿੰਘ ਨੂੰ ਭੇਜੇ ਨੋਟਿਸ ਤੋਂ ਬਾਅਦ ਇਹ ਵਿਵਾਦ ਹੋਰ ਭਖਦਾ ਜਾ ਰਿਹਾ ਹੈ। ਇਨ੍ਹਾਂ ਵਿਵਾਦਾਂ ਦਰਮਿਆਨ ਮੋਗਾ ਰੈਲੀ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਦੀ ਅਗਲੀ ਰੈਲੀ ਬਾਘਾਪੁਰਾਣਾ ਵਿੱਚ ਹੋ ਸਕਦੀ ਹੈ। ਕਾਂਗਰਸ ਦੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਆਪਣੇ ਹਲਕੇ ਵਿੱਚ ਸਿੱਧੂ ਦੀ ਰੈਲੀ ਕਰਨਾ ਚਾਹੁੰਦੇ ਹਨ।

ਮਹੇਸ਼ਇੰਦਰ ਸਿੰਘ ਨੇ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਨੋਟਿਸ ਮਿਲ ਗਿਆ ਹੈ ਅਤੇ ਉਹ ਭਲਕੇ ਬੁੱਧਵਾਰ ਤੱਕ ਇਸ ਦਾ ਜਵਾਬ ਦੇਣਗੇ। ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੋਗਾ ਰੈਲੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਵਾਈ ਗਈ ਸੀ। ਉਨ੍ਹਾਂ ਨੇ ਹੀ ਇਸ ਦਾ ਸਿਰਫ ਪ੍ਰਬੰਧ ਕੀਤਾ ਹੈ। ਇਸ ਰੈਲੀ ਵਿੱਚ ਸੀਨੀਅਰ ਆਗੂ ਲਾਲ ਸਿੰਘ ਵੀ ਹਾਜ਼ਰ ਸਨ। ਪਰ, ਰੈਲੀ ਖਤਮ ਹੋਣ ਤੋਂ ਦੋ ਘੰਟੇ ਬਾਅਦ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ। ਜੇਕਰ ਅਜਿਹਾ ਸੀ ਤਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਪਹਿਲਾਂ ਨੋਟਿਸ ਦੇਣਾ ਚਾਹੀਦਾ ਸੀ।

ਪੰਜਾਬ ਕਾਂਗਰਸ ਨੇ ਅੱਜ ਪਟਿਆਲਾ ਵਿੱਚ ਤਿੰਨ ਰੋਜ਼ਾ ਸੰਸਦੀ ਪੱਧਰੀ ਵਰਕਰਾਂ ਦੀ ਬੈਠਕ ਬੁਲਾਈ ਹੈ। ਬੈਠਕ ਵਿੱਚ ਪਾਰਟੀ ਚੋਣਾਂ ਲਈ ਉਮੀਦਵਾਰ ਦੇ ਨਾਂ ’ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਮੀਟਿੰਗ ਵਿੱਚ ਪੁੱਜੇ ਹਨ।

ਨਵਜੋਤ ਸਿੱਧੂ ਨੂੰ ਇਸ ਬੈਠਕ ਵਿੱਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਦੇ ਸਵਾਲ ਉਤੇ ਰਾਜਾ ਵੜਿੰਗ ਵੱਲੋਂ ਇੱਕ ਵਾਰ ਫਿਰ ਤੋਂ ਗੋਲ ਮੋਲ ਜਵਾਬ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਿੱਧੂ ਕਈ ਵਾਰ ਨਹੀਂ ਪਹੁੰਚ ਸਕਦੇ ਪਰ ਇਸ਼ਾਰਿਆਂ ਵਿੱਚ ਉਨ੍ਹਾਂ ਵੱਲੋਂ ਪਾਰਟੀ ਤੋਂ ਅਲੱਗ ਹੋ ਕੇ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਉੱਪਰ ਬੋਲਦਿਆਂ ਕਿਹਾ ਕਿ ਜੋ ਕੋਈ ਵੀ ਗਲਤੀ ਕਰੇਗਾ, ਉਸ ਨੂੰ ਸਿੱਧਾ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਮਹਾਰਾਣੀ ਪ੍ਰਨੀਤ ਕੌਰ ਦੇ ਉੱਪਰ ਵੀ ਸਵਾਲ ਉਤੇ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕੀਤਾ ਹੋਇਆ ਹੈ, ਇੱਕ ਤਰ੍ਹਾਂ ਦੇ ਨਾਲ ਉਹ ਪਾਰਟੀ ਤੋਂ ਬਾਹਰ ਹੀ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਨਵਾਂ ਚਿਹਰਾ ਚੋਣਾਂ ਵਿੱਚ ਦਿਖਾਈ ਦੇਵੇਗਾ।

 

Scroll to Top