ਚੰਡੀਗੜ੍ਹ 13 ਜਨਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੁਨੀਆ ਦੇ ਸਭ ਤੋਂ ਲੰਬੇ ਨਦੀ ਕਰੂਜ਼ ਗੰਗਾ ਵਿਲਾਸ (Ganga Vilas) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵਿਸ਼ਾਲ ਰਿਵਰ ਕਰੂਜ਼ ਸਵਿਟਜ਼ਰਲੈਂਡ ਦੇ 32 ਸੈਲਾਨੀਆਂ ਦੇ ਨਾਲ ਵਾਰਾਣਸੀ ਤੋਂ ਬੰਗਲਾਦੇਸ਼ ਦੇ ਰਸਤੇ ਆਸਾਮ ਦੇ ਡਿਬਰੂਗੜ੍ਹ ਤੱਕ ਲਗਭਗ 3200 ਕਿਲੋਮੀਟਰ ਦਾ ਸਫ਼ਰ 51 ਦਿਨਾਂ ਵਿੱਚ ਪੂਰਾ ਕਰੇਗਾ।
ਇਸ ਯਾਤਰਾ ‘ਚ 27 ਨਦੀਆਂ ਨਾਲ 50 ਸੈਰ-ਸਪਾਟਾ ਸਥਾਨਾਂ ਨੂੰ ਜੋੜਿਆ ਜਾਵੇਗਾ। ਇਸ ਦਾ ਫਰਨੀਚਰ, ਕਰੌਕਰੀ, ਰੰਗ ਅਤੇ ਕਮਰਿਆਂ ਦਾ ਡਿਜ਼ਾਈਨ 1960 ਤੋਂ ਬਾਅਦ ਦੇ ਭਾਰਤ ਨੂੰ ਦਰਸਾਏਗਾ। ਕਰੂਜ਼ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਪੈਨੋਰਾਮਿਕ ਹਨ ਅਤੇ ਇਸਦੀ ਦਿਲਚਸਪ ਦਾ ਨਜ਼ਾਰਾ ਪੇਸ਼ ਕਰਦੀਆਂ ਹਨ।
ਗੰਗਾ ਵਿਲਾਸ ਕਰੂਜ਼ ਦੁਨੀਆ ਦੀ ਸਭ ਤੋਂ ਲੰਬੀ ਕਰੂਜ਼ ਯਾਤਰਾ ‘ਤੇ ਰਵਾਨਾ ਹੋਣ ਲਈ ਤਿਆਰ ਕੀਤਾ ਗਿਆ ਸਵੈ-ਨਿਰਭਰ ਭਾਰਤ ਦੀ ਇੱਕ ਉਦਾਹਰਣ ਹੈ। ਕਰੂਜ਼ ਦੇ ਇੰਟੀਰੀਅਰ ਨੂੰ ਦੇਸ਼ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਧਿਆਨ ‘ਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ। ਇੰਟੀਰੀਅਰ ‘ਚ ਸਫੇਦ, ਗੁਲਾਬੀ, ਲਾਲ ਅਤੇ ਪੇਸਟਲ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਲੱਕੜ ਦੇ ਫਲੋਰਿੰਗ ਅਤੇ ਰੰਗਾਂ ਦਾ ਬਿਹਤਰ ਤਾਲਮੇਲ ਸੈਲਾਨੀਆਂ ਦੁਆਰਾ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਗੰਗਾ ਵਿਲਾਸ ਕਰੂਜ਼ ਦੀ ਅਧਿਕਾਰਤ ਯਾਤਰਾ ਸਤੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਫਿਰ ਵੀ ਅਗਲੇ ਦੋ ਸਾਲਾਂ ਲਈ ਕਰੂਜ਼ ਲਈ ਬੁਕਿੰਗਾਂ ਭਰੀਆਂ ਹੋਈਆਂ ਹਨ।