July 5, 2024 7:13 am
WHO

ਖੰਘ ਦੀ ਦਵਾਈ ਨਾਲ ਹੋਣ ਵਾਲੀਆਂ ਮੌਤਾਂ ‘ਤੇ ਵਿਸ਼ਵ ਸਿਹਤ ਸੰਗਠਨ ਵਲੋਂ ਅਲਰਟ ਜਾਰੀ

ਚੰਡੀਗੜ੍ਹ, 24 ਜਨਵਰੀ 2023: ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੂਸ਼ਿਤ ਦਵਾਈਆਂ ਦੇ ਖ਼ਿਲਾਫ਼ ਤੁਰੰਤ ਅਤੇ ਸਖਤ ਕਾਰਵਾਈ ਕਰਨ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ‘ਚ ਖੰਘ ਦੀ ਦਵਾਈ ਨਾਲ ਕਈ ਬੱਚਿਆਂ ਦੀ ਮੌਤ ਹੋ ਜਾਣ ਦੇ ਮਾਮਲੇ ਸਾਹਮਣੇ ਆਏ ਹਨ।

ਡਬਲਯੂਐਚਓ (WHO) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜ਼ੈਂਬੀਆ, ਇੰਡੋਨੇਸ਼ੀਆ, ਉਜ਼ਬੇਕਿਸਤਾਨ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 300 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦਾ ਕਾਰਨ ਕਿਡਨੀ ਫੇਲ ਹੋਣਾ ਸੀ ਅਤੇ ਇਸ ਦਾ ਸਬੰਧ ਦੂਸ਼ਿਤ ਦਵਾਈ ਨਾਲ ਸੀ। ਡਬਲਯੂਐਚਓ ਨੇ ਕਿਹਾ ਕਿ ਕੁਝ ਖੰਘ ਦੇ ਸੀਰਪਾਂ ਵਿੱਚ ਡਾਈਥਾਈਲੀਨ ਗਲਾਈਕੋਲ ਅਤੇ ਐਥੀਲੀਨ ਗਲਾਈਕੋਲ ਦੇ ਉੱਚ ਮਾਤਰਾ ਵਿੱਚ ਪਾਏ ਗਏ ਹਨ, ਜੋ ਬੱਚਿਆਂ ਵਿੱਚ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਹਨ |

ਡਬਲਯੂਐਚਓ ਨੇ ਸਾਵਧਾਨ ਕਰਦਿਆਂ ਕਿਹਾ ਕਿ ਧਿਆਨ ਰੱਖੋ ਕਿ ਡਾਇਥਾਈਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਜ਼ਹਿਰੀਲੇ ਰਸਾਇਣ ਹਨ, ਜੋ ਬਹੁਤ ਘੱਟ ਮਾਤਰਾ ਵਿੱਚ ਵੀ ਘਾਤਕ ਸਾਬਤ ਹੋ ਸਕਦੇ ਹਨ। ਡਬਲਯੂਐਚਓ ਦਾ ਕਹਿਣਾ ਹੈ ਕਿ ਇਹ ਤੱਤ ਕਦੇ ਵੀ ਦਵਾਈਆਂ ਵਿੱਚ ਨਹੀਂ ਹੋਣੇ ਚਾਹੀਦੇ। ਵਿਸ਼ਵ ਸਿਹਤ ਸੰਗਠਨ ਨੇ ਆਪਣੇ ਸਾਰੇ 194 ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ-ਆਪਣੇ ਦੇਸ਼ਾਂ ਵਿਚ ਦੂਸ਼ਿਤ ਦਵਾਈਆਂ ਵਿਰੁੱਧ ਕਾਰਵਾਈ ਕਰਨ, ਤਾਂ ਜੋ ਅਜਿਹੀਆਂ ਹੋਰ ਮੌਤਾਂ ਨੂੰ ਰੋਕਿਆ ਜਾ ਸਕੇ।

WHO ਵਲੋਂ ਅਲਰਟ ਜਾਰੀ :-

ਡਬਲਯੂ.ਐਚ.ਓ ਨੇ ਕਿਹਾ ਹੈ ਕਿ ਅਜਿਹੀਆਂ ਦਵਾਈਆਂ ਦਾ ਆਪੋ-ਆਪਣੇ ਬਾਜ਼ਾਰਾਂ ਤੋਂ ਵਿਕਰੀ ਬੰਦ ਕਰੋ, ਜਿਨ੍ਹਾਂ ਵਿਚ ਜ਼ਹਿਰੀਲੇ ਤੱਤ ਹੁੰਦੇ ਹਨ ਅਤੇ ਜਿਨ੍ਹਾਂ ਨਾਲ ਮੌਤ ਹੋ ਸਕਦੀ ਹੈ।

ਡਬਲਯੂਐਚਓ ਨੇ ਕਿਹਾ ਹੈ ਕਿ ਮਾਰਕੀਟ ਵਿੱਚ ਉਪਲਬਧ ਸਾਰੇ ਮੈਡੀਕਲ ਉਤਪਾਦ ਇੱਕ ਸਮਰੱਥ ਅਥਾਰਟੀ ਦੁਆਰਾ ਮਨਜ਼ੂਰ ਕੀਤੇ ਜਾਣੇ ਚਾਹੀਦੇ ਹਨ ਅਤੇ ਉਹਨਾਂ ਕੋਲ ਇੱਕ ਅਧਿਕਾਰਤ ਲਾਇਸੈਂਸ ਵੀ ਹੋਣਾ ਚਾਹੀਦਾ ਹੈ।

ਸਾਰੇ ਮੈਂਬਰ ਦੇਸ਼ਾਂ ਨੂੰ ਆਪੋ-ਆਪਣੇ ਦੇਸ਼ਾਂ ਵਿੱਚ ਦਵਾਈਆਂ ਦੇ ਨਿਰਮਾਣ ਸਥਾਨਾਂ ‘ਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਟੈਸਟਿੰਗ ਲਈ ਪ੍ਰਬੰਧ ਕਰਨੇ ਚਾਹੀਦੇ ਹਨ।

WHO ਦੇ ਅਨੁਸਾਰ, ਮੈਡੀਕਲ ਉਤਪਾਦਾਂ ਦੀ ਮਾਰਕੀਟ ਨਿਗਰਾਨੀ ਦੀ ਸਹੂਲਤ ਹੋਣੀ ਚਾਹੀਦੀ ਹੈ। ਇਸ ਵਿੱਚ ਗੈਰ-ਰਸਮੀ ਬਾਜ਼ਾਰ ਵੀ ਸ਼ਾਮਲ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦੇਸ਼ਾਂ ਨੂੰ ਘਟੀਆ ਦਵਾਈਆਂ ਦੇ ਨਿਰਮਾਤਾਵਾਂ ਅਤੇ ਵਿਤਰਕਾਂ ਨਾਲ ਨਜਿੱਠਣ ਲਈ ਢੁਕਵੇਂ ਕਾਨੂੰਨ ਹੋਣੇ ਚਾਹੀਦੇ ਹਨ।