July 6, 2024 6:09 pm
World Glaucoma Week

ਸਿਹਤ ਵਿਭਾਗ ਵੱਲੋਂ 16 ਮਾਰਚ ਤੱਕ ਮਨਾਇਆ ਜਾਵੇਗਾ ਵਿਸ਼ਵ ਗਲੋਕੋਮਾ ਹਫਤਾ

ਸ੍ਰੀ ਮੁਕਤਸਰ ਸਾਹਿਬ 13 ਮਾਰਚ 2024: ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਇਸ ਸਬੰਧ ਵਿਚ ਸਿਹਤ ਵਿਭਾਗ ਵਲੋਂ 10 ਮਾਰਚ ਤੋਂ 16 ਤੱਕ ਵਿਸ਼ਵ ਗਲੋਕੋਮਾ ਹਫਤਾ (World Glaucoma Week) ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਡਾ. ਨਵਜੋਤ ਕੋਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਸਮਾਗਮ ਕੀਤਾ ਗਿਆ।

ਜਿਸ ਵਿਚ ਡਾ ਹਰਸ਼ਪ੍ਰੀਤ ਕੋਰ ਅੱਖਾਂ ਦੇ ਮਾਹਿਰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ,ਡਾ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਸੰਦੀਪ ਕੋਰ ਜਿਲ੍ਹਾ ਐਪੀਡੀਮੋਲੋਜਿਸਟ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ, ਸ਼ਿਵਪਾਲ ਸਿੰਘ ਡੀ.ਸੀ.ਐਮ., ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ ਤੋਂ ਇਲਾਵਾ ਵੱਖ ਵੱਖ ਬਲਾਕਾਂ ਤੋਂ ਆਸ਼ਾ ਨੇ ਵੀ ਭਾਗ ਲਿਆ।

ਇਸ ਮੌਕੇ ਡਾ. ਨਵਜੋਤ ਕੋਰ ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਿਤੀ 10 ਤੋਂ 16 ਮਾਰਚ ਤੱਕ ਵਿਸ਼ਵ ਗਲੋਕੋਮਾ ਸਪਤਾਹ ਮਨਾਇਆ ਜਾ ਰਿਹਾ ਹੈ।ਇਸ ਸਪਤਾਹ ਦੌਰਾਨ ਸਿਹਤ ਵਿਭਾਗ ਦੇ ਸਟਾਫ ਵੱਲੋਂ ਆਮ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਖਾਸ ਕਰਕੇ ਕਾਲਾ ਮੋਤੀਆ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਗਲੂਕੋਮਾ ਸਪਤਾਹ (World Glaucoma Week) ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੁੰ ਕਾਲੇ ਮੋਤੀਏ ਪ੍ਰਤੀ ਅਤੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਅੱਖਾਂ ਦੀਆਂ ਬਿਮਾਰੀਆਂ, ਅੱਖਾਂ ਦਾਨ ਕਰਨ ਸਬੰਧੀ ਅਤੇ ਪੁਤਲੀ ਦੇ ਨੁਕਸ ਕਾਰਨ ਹੋਏ ਅੰਨ੍ਹੇਪਣ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਹਫ਼ਤੇ ਦੋਰਾਨ ਜਿਲ੍ਹਾ ਹਸਪਤਾਲ ਅਤੇ ਸਬ ਡਵੀਜਨ ਹਸਪਤਾਲਾਂ ਵਿੱਚ ਮੁਫ਼ਤ ਕਾਲਾ ਮੋਤੀਆ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ |

ਇਸ ਮੌਕੇ ਡਾ. ਹਰਸ਼ਪ੍ਰੀਤ ਕੌਰ ਅੱਖਾਂ ਦੇ ਮਹਿਰ ਨੇ ਕਿਹਾ ਕਿ ਭਾਰਤ ਵਿੱਚ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਣਾ ਵਿੱਚੋਂ ਇੱਕ ਅਹਿਮ ਕਾਰਣ ਹੈ। ਉਹਨਾਂ ਦੱਸਿਆ ਕਿ ਗਲੋਕੋਮਾ ਦਾ ਇਲਾਜ ਸਫ਼ਲ ਤਰੀਕੇ ਨਾਲ ਹੋ ਸਕਦਾ ਹੈ ਜੇਕਰ ਇਸ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਹੋ ਸਕੇ।ਉਹਨਾ ਕਿਹਾ ਕਿ ਚਿੱਟੇ ਮੋਤੀਏ ਦਾ ਸਮੇਂ ਸਿਰ ਅਪੇ੍ਰਸ਼ਨ ਕਰਵਾ ਲੈਣਾ ਚਾਹੀਦਾ ਹੈ। ਨੀਮ ਹਕੀਮਾਂ ਤੋਂ ਕਦੇ ਵੀ ਦਵਾਈ ਲੈ ਕੇ ਅੱਖਾਂ ਵਿਚ ਨਹੀਂ ਪਾਉਣੀ ਚਾਹੀਦੀ।

ਉਹਨਾਂ ਗਲੋਕੋਮਾ ਦੇ ਲੱਛਣਾਂ ਬਾਰੇ ਦੱਸਿਆ ਕਿ ਜੇਕਰ ਸਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜਣ ਵਾਲੇ ਚਸਮਿਆਂ ਦਾ ਵਾਰ ਵਾਰ ਬਦਲਣਾ, ਰੋਸ਼ਨੀ ਦੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰੀਸ਼ਟੀ ਦੀ ਆਚਾਨਕ ਹਾਨੀ, ਦ੍ਰੀਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਅਜਿਹੀਆਂ ਨਿਸ਼ਾਨੀਆਂ ਹੋਣ ਤਾ ਸਾਨੁੰ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਆਪਣੀਆਂ ਅੱਖਾਂ ਦਾ ਦਬਾਅ ਜਾਂ ਪ੍ਰੈਸ਼ਰ ਚੈਕ ਕਰਵਾਉਣਾ ਚਾਹੀਦਾ ਹੈ।

ਉਹਨਾਂ ਸਾਵਧਾਨੀ ਵਰਤਣ ਤੇ ਜੋਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਤੁਹਾਡਾ ਰਿਸ਼ਤੇਦਾਰ ਗਲੋਕੋਮਾ ਨਾਲ ਪੀੜਿਤ ਹੋਵੇ, ਜੇਕਰ ਸ਼ੂਗਰ ਦੀ ਸ਼ਿਕਾਇਤ ਹੋਵੇ, ਹਾਈ ਬਲੱਡ ਪ੍ਰੈਸ਼ਰ, ਜੇਕਰ ਤੁਸੀਂ ਦਮਾ, ਅਲਰਜੀ, ਚਮੜੀ ਰੋਗਾਂ ਲਈ ਸਟੀਰਾਇਡ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਗਲੋਕੋਮਾ ਤੋਂ ਪ੍ਰਭਾਵਿਤ ਹੋ ਸਕਦੇ ਹੋ। ਹਰੇਕ ਇਨਸਾਨ ਨੂੰ ਛੇ ਮਹੀਨੇ ਬਾਅਦ ਆਪਣੀਆਂ ਅੱਖਾਂ ਦਾ ਚੈੱਕ ਅਪ ਕਰਵਾਉਦੇ ਰਹਿਣਾ ਚਾਹੀਦਾ ਹੈ ਅਤੇ ਜਿਆਦਾ ਧੁੱਪ ਵਿੱਚ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦੇਸ਼ ਵਿੱਚੋ ਅੰਨ੍ਹਾਪਣ ਦੂਰ ਕਰਨ ਲਈ ਸਾਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ।

ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਦੇਸ਼ ਵਿੱਚੋਂ ਅੰਨ੍ਹਾਪਣ ਦੂਰ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਦੇ ਰਹੀਆਂ ਹਨ। ਉਨਾ ਕਿਹਾ ਕਿ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕੀਤੀਆਂ ਜਾਣ ਤਾਂ ਉਸ ਨਾਲ ਦੋ ਆਦਮੀਆਂ ਦੀ ਜਿੰਦਗੀ ਵਿੱਚ ਰੋਸ਼ਨੀ ਆ ਸਕਦੀ ਹੈ।