Moonak

ਮੂਨਕ ਦੀ ਜ਼ਿੰਕ ਫੈਕਟਰੀ ‘ਚ ਕੰਮ ਕਰ ਰਹੇ ਮਜ਼ਦੂਰ ਪਾਣੀ ‘ਚ ਰੁੜ੍ਹੇ, ਇੱਕ ਦੀ ਮੌਤ, ਦੂਜਾ ਲਾਪਤਾ

ਚੰਡੀਗੜ੍ਹ, 14 ਜੁਲਾਈ 2023: ਮੂਨਕ (Moonak) ਦੇ ਦੇਹਲਾ ਰੋਡ ‘ਤੇ ਸਥਿਤ ਜ਼ਿੰਕ ਫੈਕਟਰੀ ਵਿੱਚ ਵੱਡਾ ਹਾਦਸਾ ਵਾਪਰਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਫੈਕਟਰੀ ਵਿੱਚ ਕੰਮ ਕਰ ਰਹੇ ਪੰਜ ਮਜ਼ਦੂਰ ਪਾਣੀ ਵਿੱਚ ਡਿੱਗ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਇੱਕ ਲਾਪਤਾ ਦੱਸਿਆ ਜਾ ਰਿਹਾ ਹੈ | ਮ੍ਰਿਤਕ ਦੀ ਪਛਾਣ ਨੂਰ ਖ਼ਾਨ ਸਪੁੱਤਰ ਸਦੀਕ ਖ਼ਾਨ, ਪਿੰਡ ਬੱਲਰਾਂ ਵਜੋਂ ਹੋਈ ਹੈ | ਜਦਕਿ ਲਵਪ੍ਰੀਤ ਸਿੰਘ ਲੱਕੀ (ਪਿੰਡ ਬੱਲਰਾਂ) ਲਾਪਤਾ ਹੈ | ਇਨ੍ਹਾਂ ਵਿੱਚੋਂ ਇੱਕ ਮਜ਼ਦੂਰ ਨੂੰ ਸੱਟਾਂ ਲੱਗੀਆਂ ਹਨ |

ਮੌਕੇ ‘ਤੇ ਮੌਜੂਦ ਰਿਸ਼ਤੇਦਾਰਾਂ ਅਤੇ ਲੋਕਾਂ ਅਨੁਸਾਰ ਮੂਨਕ (Moonak) ਸ਼ਹਿਰ ਦੇ ਦੇਹਲਾ ਰੋਡ ‘ਤੇ ਸਥਿਤ ਜ਼ਿੰਕ ਫੈਕਟਰੀ ‘ਚ 5 ਨੌਜਵਾਨ ਮਜ਼ਦੂਰ ਰਾਤ ਦੀ ਡਿਊਟੀ ਦੌਰਾਨ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚੋਂ ਨੂਰ ਖਾਨ ਪਿੰਡ ਬੱਲਰਾਂ ਦੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਰਿਸ਼ਤੇਦਾਰਾਂ ਅਨੁਸਾਰ ਇਸੇ ਪਿੰਡ ਦਾ ਇੱਕ ਹੋਰ ਮਜ਼ਦੂਰ ਲਵਪ੍ਰੀਤ ਸਿੰਘ ਡਿਊਟੀ ’ਤੇ ਜਾਣ ਤੋਂ ਬਾਅਦ ਘਰ ਨਹੀਂ ਆਇਆ, ਜਿਸ ਕਾਰਨ ਇਸ ਮਜ਼ਦੂਰ ਦੀ ਮੌਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਘੱਗਰ ਦੇ ਪਾਣੀ ਦਾ ਹੜ੍ਹ ਵੀ ਇਸ ਜ਼ਿੰਕ ਫੈਕਟਰੀ ਵਿੱਚ 5 ਫੁੱਟ ਤੱਕ ਖੜ੍ਹਨ ਦਾ ਅਨੁਮਾਨ ਹੈ। ਐਨ.ਡੀ.ਆਰ.ਐੱਫ ਦੀ ਟੀਮਾਂ ਵੱਲੋਂ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਦੀ ਭਾਲ ਜਾਰੀ ਹੈ |

ਇਸ ਦੌਰਾਨ ਪਿੰਡ ਵਾਸੀ ਪ੍ਰਗਟ ਸਿੰਘ ਨੇ ਕਿਹਾ ਕਿ ਜ਼ਿੰਕ ਫੈਕਟਰੀ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ | ਪਿੰਡ ਵਾਸੀਆਂ ਨੇ ਇਸਦੀ ਜਾਂਚ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ  ਹੈ | ਲਾਪਤਾ ਹੋਏ ਲਵਪ੍ਰੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਫੈਕਟਰੀ ਮਾਲਕ ਸਹੀ ਢੰਗ ਨਾਲ ਗੱਲਬਾਤ ਨਹੀਂ ਕਰ ਰਹੇ ਨਾ ਹੀ ਕੁਝ ਦੱਸ ਰਹੇ |

Scroll to Top