ਸ੍ਰੀ ਅਨੰਦਪੁਰ ਸਾਹਿਬ, 18 ਫਰਵਰੀ 2024: ਖ਼ਾਲਸਾ ਪੰਥ ਦੀ ਚੜ੍ਹਦੀਕਲਾਂ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਮਾਰਚ ਤੋਂ 26 ਮਾਰਚ 2024 ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਗੜਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਆਉਣ ਵਾਲਾ ਮਾਰਗ ਜਿਸ ਤੋਂ ਦੁਆਬੇ ਮਾਝੇ ਅਤੇ ਕੁਝ ਮਾਲਵੇ ਦੇ ਖੇਤਰ ਤੋਂ ਵੱਡੇ ਪੱਧਰ ‘ਤੇ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਸਮੇਂ ਗੁਰੂ ਘਰਾਂ ਵਿੱਚ ਮੱਥਾ ਟੇਕਣ ਲਈ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ।
ਪਰੰਤੂ ਇਸ ਮਾਰਗ ਦੀ ਹਾਲਤ ਬਹੁਤ ਖਸਤਾ ਹੋਣ ਕਰਕੇ ਸੰਗਤਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਸਿੰਘ ਸਾਹਿਬ ਵੱਲੋਂ ਸਮੇਂ ਦੀਆਂ ਸਰਕਾਰਾਂ ਦੇ ਮੋਹਿਤਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮਾਰਗ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ | ਉੱਥੇ ਹੀ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਵੱਲੋਂ ਕੌਮੀ ਤਿਉਹਾਰ ਹੋਲਾ ਮਹੱਲਾ ਨਜ਼ਦੀਕ ਆ ਰਿਹਾ ਹੋਣ ਕਰਕੇ ਅਗਾਊਂਂ ਪ੍ਰਬੰਧਾਂ ਲਈ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਕਈ ਪੱਤਰ ਅਤੇ ਬੈਠਕਾਂ ਵਿਚ ਸਿਰਕਤ ਕਰਕੇ ਬੇਨਤੀ ਪੱਤਰ ਲਿਖੇ ਗਏ ਹਨ |ਪਰੰਤੂ ਸਰਕਾਰਾਂ ਤੇ ਪ੍ਰਸ਼ਾਸਨ ਦੇ ਕੰਨ ਤੋਂ ਜੂੰ ਨਹੀਂ ਸਰਕ ਰਹੀ | ਭਾਵ ਹੋਲੇ ਮਹੱਲੇ ਦੇ ਤਿਉਹਾਰ ਨੂੰ ਭਾਵੇ ਕੁੱਝ ਹੀ ਸਮਾਂ ਰਿਹ ਗਿਆ ਹੈ, ਪਰ ਸੜਕ ਦੀ ਮੁਰੰਮਤ ਦਾ ਕੰਮ ਹਲੇ ਤੱਕ ਸ਼ੁਰੂ ਨਹੀ ਕੀਤਾ ਗਿਆ |
ਜਿਸ ਕਾਰਨ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲੇ ਬਾਬਿਆ ਨੇ ਜਿਥੇ ਇਲਾਕੇ ਦੇ ਲੋਕਾ ਲਈ ਸਕੂਲ ਕਾਲਜ ਕਈ ਗੁਰੂ ਘਰ ਤੇ ਮੰਦਰਾਂ ਦਾ ਨਿਰਮਾਣ ਕਰਵਾਇਆ ਹੈ, ਉਥੇ ਹੀ ਸਤਲੁਜ ਦਰਿਆ ‘ਤੇ ਵੱਡੇ-ਵੱਡੇ ਪੁੱਲ ਬਣਾ ਕੇ ਦਿੱਤੇ ਤਾਂ ਕਿ ਇਲਾਕੇ ਦੇ ਲੋਕਾ ਲਈ ਸਹੂਲਤਾਂ ਮਿਲ ਸਕਣ |
ਇਸ ਮੋਕੇ ਕਾਰ ਸੇਵਾ (Kar Sewa) ਕਿਲਾ ਅਨੰਦਗੜ੍ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਚਾ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਵੱਲੋਂ ਇਸ ਇਤਿਹਾਸਕ ਮਾਰਗ ਦੀ ਮੁਰੰਮਤ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ। ਸੜਕਾਂ ਦੀ ਮਰੰਮਤ ਦਾ ਕੰਮ ਗੁਰੂ ਸਾਹਿਬ ਦਾ ਉਟ ਆਸਰਾ ਲੈ ਕੇ ਅਰਦਾਸ ਤੋ ਬਾਅਦ ਸ਼ੁਰੂ ਕਰ ਦਿੱਤਾ ਗਿਆ ਹੈ | ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਜਿਹੜੇ ਕੰਮ ਸਰਕਾਰਾਂ ਵੱਲੋਂ ਕੀਤੇ ਜਾਣੇ ਸਨ ਉਹ ਕੰਮ ਹੁਣ ਕਾਰ ਸੇਵਾ ਵਾਲੇ ਮਹਾਂਪੁਰਖ ਕਰ ਰਹੇ ਹਨ ਸਰਕਾਰਾਂ ਨੂੰ ਇਸ ਕਾਰਜ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਇਸ ਮੌਕੇ ਕਿਲਾ ਅਨੰਦਗੜ੍ਹ ਸਾਹਿਬ ਦੇ ਬਾਬਾ ਸਤਨਾਮ ਸਿੰਘ, ਐਡਵੋਕੇਟ ਹਰਦੇਵ ਸਿੰਘ ਐਡੀਸ਼ਨਲ ਮੈਨੇਜਰ, ਡਾ. ਗੁਰਪਾਲ ਸਿੰਘ ਬਾਬਾ ਮੁਨਸ਼ੀ ਸਿੰਘ ਆਦਿ ਹਾਜ਼ਰ ਸਨ।