ਚੰਡੀਗੜ੍ਹ, 11 ਜਨਵਰੀ 2025: ਪੰਜਾਬ ਮੰਡੀ ਬੋਰਡ (Punjab Mandi Board) ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਪੰਜਾਬ ਦੀਆਂ ਅਨਾਜ ਮੰਡੀਆਂ, ਫਲ ਅਤੇ ਸਬਜ਼ੀਆਂ ਮੰਡੀਆਂ, ਮਾਰਕੀਟ ਕਮੇਟੀਆਂ, ਈ-ਨੈਮ, ਮੰਡੀ ਬੋਰਡ ਦੀ ਆਮਦਨ ਵਧਾਉਣ, ਮੰਡੀਆਂ ‘ਚ ਪੌਦੇ ਲਗਾਉਣ, ਕਿਸਾਨ ਭਵਨ ਚੰਡੀਗੜ੍ਹ, ਆਨੰਦਪੁਰ ਸਾਹਿਬ ਦੀ ਕਿਸਾਨ ਹਵੇਲੀ ਅਤੇ ਗੈਸਟ ਹਾਊਸਾਂ ਸਬੰਧੀ ਇੱਕ ਸਮੀਖਿਆ ਬੈਠਕ ਕੀਤੀ |
ਇਸ ਬੈਠਕ ‘ਚ ਉਨ੍ਹਾਂ ਨਾਲ ‘ਚ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ, ਇੰਜੀਨੀਅਰ-ਇਨ-ਚੀਫ਼ ਜਤਿੰਦਰ ਸਿੰਘ ਭੰਗੂ, ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਅਮਨਦੀਪ ਸਿੰਘ ਮੁੱਖ ਇੰਜੀਨੀਅਰ, ਮਨਜੀਤ ਸਿੰਘ ਸੰਧੂ ਜੀ.ਐਮ., ਸਵਰਨ ਸਿੰਘ ਡੀ.ਜੀ.ਐਮ.ਸਮੇਤ ਸਾਰੇ ਜ਼ਿਲ੍ਹਾ ਮੰਡੀ ਅਧਿਕਾਰੀ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਇਸ ਸਮੇਂ ਦੌਰਾਨ ਮੰਡੀਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਮਹੱਤਵਪੂਰਨ ਫੈਸਲੇ ਲਏ । ਬੈਠਕ ਦੌਰਾਨ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ‘ਚ ਸੋਲਰ ਸਿਸਟਮ ਲਗਾਉਣ ਦੇ ਕੰਮ ‘ਚ ਤੇਜ਼ੀ ਲਿਆਉਣ ਲਈ ਕਿਹਾ ਗਿਆ। ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੰਜਾਬ ਰਾਜ ਦੀਆਂ ਮੰਡੀਆਂ ਸਮੇਤ ਵੱਖ-ਵੱਖ ਥਾਵਾਂ ‘ਤੇ ਇੱਕ ਲੱਖ ਤੋਂ ਵੱਧ ਬੂਟੇ ਲਗਾਏ ਹਨ ਅਤੇ ਆਉਣ ਵਾਲੇ ਮੌਸਮਾਂ ‘ਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।
ਪੰਜਾਬ ਮੰਡੀ ਬੋਰਡ (Punjab Mandi Board) ਨੇ ਮੰਡੀਆਂ ‘ਚ ਆਫ ਸੀਜ਼ਨ ਦੌਰਾਨ ਕਵਰ ਸ਼ੈੱਡਾਂ ਦੀ ਵਰਤੋਂ ਕਰਕੇ ਲਗਭਗ 37 ਲੱਖ 82 ਹਜ਼ਾਰ ਰੁਪਏ ਦੀ ਆਮਦਨ ਕੀਤੀ ਹੈ। ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਆਫ ਸੀਜ਼ਨ ਦੌਰਾਨ ਸਮਾਜਿਕ ਪ੍ਰੋਗਰਾਮਾਂ ਲਈ ਢੱਕੇ ਹੋਏ ਸ਼ੈੱਡਾਂ ਦੀ ਵਰਤੋਂ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਨੂੰ ਮੰਡੀ ਬੋਰਡ ਦੇ ਇਸ ਯਤਨ ਦਾ ਲਾਭ ਮਿਲ ਸਕੇ।
ਬੈਠਕ ‘ਚ ਇਹ ਵੀ ਫੈਸਲਾ ਕੀਤਾ ਗਿਆ ਕਿ ਕਿਸਾਨ ਭਵਨ ਚੰਡੀਗੜ੍ਹ ਅਤੇ ਕਿਸਾਨ ਹਵੇਲੀ ਸ੍ਰੀ ਆਨੰਦਪੁਰ ਸਾਹਿਬ ਵਾਂਗ, ਸੂਬੇ ਭਰ ‘ਚ ਸਥਿਤ ਮੰਡੀ ਬੋਰਡ ਦੇ ਗੈਸਟ ਹਾਊਸਾਂ ਦੀ ਮੁਰੰਮਤ ਅਤੇ ਔਨਲਾਈਨ ਬੁਕਿੰਗ ਸ਼ੁਰੂ ਕੀਤੀ ਜਾਵੇਗੀ। ਪੰਜਾਬ ਰਾਜ ਦੀਆਂ ਮੰਡੀਆਂ ‘ਚ 36 ਯੂਨੀਪੋਲ ਲਗਾਏ ਗਏ ਹਨ ਅਤੇ ਹੋਰ 12 ‘ਤੇ ਕੰਮ ਪੂਰਾ ਹੋ ਗਿਆ ਹੈ। ਚੇਅਰਮੈਨ ਨੇ ਇਨ੍ਹਾਂ ਯੂਨੀਪੋਲਾਂ ਨੂੰ ਵਰਤੋਂ ‘ਚ ਲਿਆਉਣ ਦੇ ਨਿਰਦੇਸ਼ ਦਿੱਤੇ।
ਪੰਜਾਬ ਦੀਆਂ ਮੰਡੀਆਂ ‘ਚ ਪੈਟਰੋਲ ਪੰਪ ਸਾਈਟਾਂ ਨੂੰ ਲੀਜ਼ ‘ਤੇ ਦੇਣ ਲਈ ਈ-ਨਿਲਾਮੀ 30 ਜਨਵਰੀ, 2025 ਤੱਕ ਕੀਤੀ ਜਾ ਰਹੀ ਹੈ। ਉਨ੍ਹਾਂ ਬੈਠਕ ‘ਚ ਮੌਜੂਦ ਅਧਿਕਾਰੀਆਂ ਨੂੰ ਕਿਸਾਨਾਂ ਦੀ ਸਹੂਲਤ ਅਤੇ ਜਿਣਸਾਂ ਦੀ ਵੱਧ ਰਹੀ ਆਮਦ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਬਾਜ਼ਾਰ ਵਿਕਸਤ ਕਰਨ ‘ਚ ਨਿੱਜੀ ਦਿਲਚਸਪੀ ਲੈਣ ਦੇ ਨਿਰਦੇਸ਼ ਦਿੱਤੇ ਹਨ।
Read More: ਸਰਕਾਰ ਦੀਆਂ ਸਕੀਮਾਂ ਨੂੰ ਦਿਵਿਆਂਗ ਵਿਅਕਤੀਆਂ ਤੱਕ ਪਹੁੰਚ ਯਕੀਨੀ ਬਣਾਇਆ ਜਾਵੇ: ਡਾ. ਬਲਜੀਤ ਕੌਰ