ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਪ੍ਰੈਲ 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਜਿਵੇਂ-ਜਿਵੇਂ ਜ਼ਿਲ੍ਹੇ ਚ ਚੋਣਾਂ ਦਾ ਪੁਰਬ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਮੋਹਾਲੀ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਵਿੱਚ ਵੀ ਭਰਵਾਂ ਨਿਖਾਰ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਅੱਜ ਸੀ.ਪੀ. 67 ਪੀ.ਵੀ.ਆਰ. ਵਿੱਚ ਵੋਟਰ ਜਾਗਰੂਕਤਾ ਮੈਰਾਥਨ ਦੀਆਂ ਜੇਤੂ ਬੀਬੀ ਵੋਟਰਾਂ ਅਤੇ ਦਿਵਿਆਂਗਜਨ ਵੋਟਰਾਂ ਨੂੰ ਸ਼ਾਇਰ ਫਿਲਮ ਦਿਖਾਈ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਵੱਲੋਂ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਵੋਟਰਾਂ ਨੂੰ ਉਤਸਾਹਿਤ ਕੀਤਾ ਅਤੇ ਸਮੂਹ ਦਿਵਿਆਂਗਜਨ ਵੋਟਰਾ ਨੂੰ ਵੋਟਰ ਜਾਗਰੂਕ ਦੇ ਸੁਨੇਹੇ ਵਾਲੇ ਕੌਫੀ ਮੱਗ, ਟੋਪੀਆਂ, ਟੀ-ਸਰਟਾ ਅਤੇ ਚਾਬੀਆਂ ਦੇ ਛੱਲੇ ਵੰਡੇ ਗਏ। ਇਸ ਮੌਕੇ ਸ਼ਾਇਰ ਫਿਲਮ ਦੀ ਸਟਾਰ ਕਾਸਟ ਡਾਇਰੈਕਟਰ ਉਦੇ ਪ੍ਰਤਾਪ ਸਿੰਘ ਸੰਧੂ ਅਤੇ ਫਿਲਮ ਦੇ ਅਦਾਕਾਰ ਬੰਟੀ ਬੈਸ ਵੱਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕਰਦੇ ਹੋਏ ਸਮੂਹ ਦਰਸ਼ਕਾ ਨੂੰ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਆਪਣੇ-ਆਪਣੇ ਸ਼ੋਸਲ ਮੀਡੀਆਂ ਪੇਜ ਉੱਤੇ ਫਿਲਮ ਦੇ ਰਿਵਿਓ ਦੇ ਨਾਲ-ਨਾਲ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਉਤਸ਼ਾਹਿਤ ਕੀਤਾ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋਫੇਸਰ ਗੁਰਬਸਖ਼ਸੀਸ਼ ਸਿੰਘ ਅਨਟਾਲ ਨੇ ਦੱਸਿਆਂ ਕਿ ਅੱਜ ਫਿਲਮ ਦੇ ਸ਼ੋਅ ਤੋਂ ਪਹਿਲਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦਾ ਸੁਨੇਹਾ ਵੀ ਵੀਡੀਓ ਦੇ ਮਾਧਿਆਮ ਰਾਹੀਂ ਸਿਨੇਮਾ ਵਿੱਚ ਚਲਾ ਕੇ ਆਮ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੇ ਦੱਸਿਆਂ ਕਿ ਅੱਜ ਇਸ ਪ੍ਰੋਗਰਾਮ ਦੌਰਾਨ 200 ਤੋਂ ਵਧੇਰੇ ਬੀਬੀਆਂ ਅਤੇ ਦਿਵਿਆਂਗਜਨ ਵੋਟਰਾਂ ਨੇ ਫਿਲਮ ਦਾ ਆਨੰਦ ਮਾਣਿਆ।
ਵੋਟਾਂ ਦੇ ਮਹਾਂ-ਤਿਉਹਾਰ ਨੂੰ ਮਨਾਉਣ ਸਬੰਧੀ ਦਰਸ਼ਕਾ ਦਾ ਉਤਸ਼ਾਹ ਦੇਖਣਯੋਗ ਸੀ, ਜਿਨ੍ਹਾਂ ਨੇ ਸੀ.ਪੀ. ਮਾਲ ਵਿੱਚ ਨੱਚਦੇ-ਟੱਪਦੇ ਲੋਕਤੰਤਰ ਦੀਆਂ ਬੋਲੀਆਂ ਪਾਉਂਦੇ ਹੋਏ, ਬਾਹਰੋਂ ਆਏ ਲੋਕਾਂ ਨੂੰ ਵੀ ਉਤਸ਼ਾਹਿਤ ਕਰ ਦਿੱਤਾ। ਇੱਕ ਵਾਰ ਸਮੁੱਚਾ ਹਾਲ “ਵੋਟ ਪਾਵਾਂਗੇ ਵੋਟ ਪੁਆਵਾਂਗੇ, ਲੋਕਤੰਤਰ ਦੇ ਜਸ਼ਨ ਮਨਾਵਾਂਗੇ, 1 ਜੂਨ ਨੂੰ ਵੋਟ ਪਾਉਣ ਸਾਰੇ ਮੋਹਾਲੀ ਵਾਸੀ ਜਾਵਾਂਗੇ” ਅਤੇ ਮੇਰੀ ਵੋਟ ਮੇਰੀ ਤਾਕਤ ਪੰਜਾਬ ਕਰੇਗਾ 1 ਜੂਨ ਨੂੰ ਵੋਟ, ਅਤੇ ‘ਲੋਕਤੰਤਰ ਦੀ ਆਈ ਬਹਾਰ, ਮੋਹਾਲੀ ਵਾਸੀ ਵੋਟ ਭੁਗਤਾਉਣਗੇ 80 ਫ਼ੀਸਦੀ ਤੋਂ ਪਾਰ’, ਦੇ ਨਾਰਿਆਂ ਦੇ ਨਾਲ ਸਮੂਚਾ ਪੀ.ਵੀ.ਆਰ. ਹਾਲ ਗੂੰਜ ਉਠਿਆ।
ਇਸ ਮੌਕੇ ਜ਼ਿਲ੍ਹਾ ਗੁਡ ਗਵਰਨੈਂਸ ਫੈਲੋ ਵਿਜੈ ਲਕਸ਼ਮੀ, ਸਟੇਟ ਕੋਆਰਡੀਨੇਟਰ ਦਿਵਿਆਂਗਜਨ ਪੂਨਮ ਲਾਲ, ਉੱਘੇ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਵੀ ਵੋਟਰਾਂ ਨੂੰ ਉਤਸ਼ਾਹਿਤ ਕਰਦੇ ਅਤੇ ਸਾਰਥਕ ਵੋਟ ਪਾਉਣ ਦਾ ਸੁਨੇਹਾ ਦੇ ਰਹੇ ਸਨ। ਫਿਲਮ ਦੇਖਣ ਉਪਰੰਤ ਦਿਵਿਆਂਗ ਜਨ ਸੋਸਾਇਟੀ ਦੇ ਜਰਨਲ ਸਕੱਤਰ ਵਿਨੋਦ ਨਾਗਪਾਲ, ਮਹਿਲਾਵਾਂ ਵਿੱਚੋਂ ਨੀਤੂ ਗੁਪਤਾ ਅਧਿਆਪਕ, ਸ਼ਿਵਾਨੀ ਸ਼ਰਮਾ, ਨਿਤੀਕਾ, ਪਹਿਲੀ ਵਾਰ ਵੋਟ ਪਾਉਣ ਵਾਲੇ ਹਿਮਾਨੀ ਸੈਣੀ ਨੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ਇਸ ਉਪਰਾਲੇ ਲਈ ਵਿਸ਼ੇਸ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਤਿਉਹਾਰ ਦੀ ਤਰ੍ਹਾਂ ਮਨਾਏ ਜਾ ਰਹੇ ਇਸ ਲੋਕਤੰਤਰ ਦੇ ਤਿਉਹਾਰ ਦਾ ਵੱਖਰਾ ਹੀ ਅੰਦਾਜ਼ ਹੈ, ਉਹ ਜਿੱਥੇ ਆਪ ਵੋਟ ਪਾਉਣਗੇ, ਉੱਥੇ ਹੋਰਨਾਂ ਨੂੰ ਵੀ ਲੋਕਤੰਤਰ ਦੇ ਇਸ ਮਹਾ ਯੱਗ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਨਗੇ। ਇਸ ਮੌਕੇ ਦਿਵਿਆਂਗ ਬੱਚਿਆਂ ਨੂੰ ਜ਼ਿਲ੍ਹਾ ਸਵੀਪ ਟੀਮ ਦੇ ਮੈਂਬਰ ਪ੍ਰੋਫੇਸਰ ਅਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਵੱਲੋਂ ਦਿਵਿਆਂਗ ਵੋਟਰਾਂ ਨੂੰ ਹਾਲ ਅੰਦਰ ਜਾਣ ਵਿੱਚਵਿਸ਼ੇਸ਼ ਤੌਰ ਤੇ ਸਹਾਇਤਾ ਕੀਤੀ ਗਈ।