ਚੰਡੀਗੜ੍ਹ, 25 ਦਸੰਬਰ 2023: ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ (Gurugram) ‘ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਸੈਕਟਰ 15 ਦੇ ਪਾਰਟ 2 ਵਿੱਚ ਨਿਰਮਾਣ ਅਧੀਨ ਜਗਨਨਾਥ ਮੰਦਰ ਦੀ ਕੰਧ ਡਿੱਗ ਗਈ। ਇਸ ਦੌਰਾਨ ਮੌਕੇ ‘ਤੇ ਹੀ ਪੰਜ ਮਜ਼ਦੂਰ ਮਲਬੇ ਹੇਠਾਂ ਦਬ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਬਚਾਅ ਟੀਮ ਨੇ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ, ਜਿਸ ਤੋਂ ਬਾਅਦ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ। ਸਾਰੇ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਚਾਰ ਦੀ ਹਾਲਤ ਠੀਕ ਦੱਸੀ ਹੈ ਜਦਕਿ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ।
ਸਿਵਲ ਲਾਈਨ (Gurugram) ‘ਤੇ ਸਥਿਤ ਜਗਨਨਾਥ ਮੰਦਰ ‘ਚ ਬੇਸਮੈਂਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਸ ‘ਚ ਕਈ ਮਜ਼ਦੂਰ ਕੰਮ ਕਰ ਰਹੇ ਸਨ। ਬੇਸਮੈਂਟ ਵਿੱਚ ਮਿੱਟੀ ਖਿਸਕਣ ਕਾਰਨ ਨੇੜਲੇ ਬਿਜਲੀ ਬੋਰਡ ਦੀ ਕੰਧ ਹੇਠਾਂ ਤੋਂ ਟੁੱਟ ਕੇ ਮਜ਼ਦੂਰਾਂ ’ਤੇ ਡਿੱਗ ਗਈ। ਜਿਸ ਵਿੱਚ ਇੱਕ ਮਜ਼ਦੂਰ ਚੰਦਰਪਾਲ (26) ਦੀ ਮੌਤ ਹੋ ਗਈ। ਐਨ.ਡੀ.ਆਰ.ਐੱਫ ਅਤੇ ਐੱਸ.ਡੀ.ਆਰ.ਐੱਫ ਸਿਵਲ ਡਿਫੈਂਸ ਟੀਮਾਂ ਕੰਮ ਕਰ ਰਹੀਆਂ ਹਨ।