ਪੰਜਾਬੀ ਸਾਹਿਤ ਅਤੇ ਧਾਰਮਿਕ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਭਾਈ ਕਾਨ੍ਹ ਸਿੰਘ ਜੀ ਦਾ ਵਡਮੁੱਲਾ ਜੀਵਨ ਇਤਿਹਾਸ

31 ਅਗਸਤ 2025: ਪੰਜਾਬੀ ਸਾਹਿਤ ਨੂੰ ਪਹਿਲਾ ਮਹਾਨ ਕੋਸ਼ ਦੇਣ ਵਾਲੇ 19ਵੀਂ ਸਦੀ ਦੇ ਉੱਘੇ ਲੇਖਕ ਅਤੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ (Bhai Kahn Singh Ji) ਨਾਭਾ ਦਾ ਨਾਮ ਆਧੁਨਿਕ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇਤਿਹਾਸ, ਮਿਥਿਹਾਸ, ਰਾਜਨੀਤੀ ਅਤੇ ਧਰਮ ਬਾਰੇ ਕੀਤੀ ਡੂੰਘੀ ਕੋਸ਼ਕਾਰੀ ਅਤੇ ਟੀਕਾਕਾਰੀ ਅੱਜ ਵੀ ਉਭਰਦੇ ਵਿਦਵਾਨਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਆਈ ਹੈ ਅਤੇ ਕਰਦੀ ਰਹੇਗੀ।

30 ਅਗਸਤ 1868 ਈਸਵੀ ਨੂੰ ਪਟਿਆਲਾ ਰਿਆਸਤ ਦੇ ਪਿੰਡ ਬਨੇਰਾ ਖੁਰਦ ਵਿਖੇ ਸਰਦਾਰ ਨਰਾਇਣ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ ਜਨਮੇ। ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਪਿਛੋਕੜ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਲਾਹਕਾਰ ਬਾਬਾ ਨੌਧ ਸਿੰਘ ਨਾਲ ਸਬੰਧਿਤ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ਕੰਠ ਕਰਨ ਵਾਲੇ ਆਪ ਜੀ ਦੇ ਪਿਤਾ ਬਾਬਾ ਨਰਾਇਣ ਸਿੰਘ ਜੀ ਸੰਤ ਪੁਰਸ਼ ਸਨ।

ਜਿਨ੍ਹਾਂ ਨੇ ਲੰਮਾ ਸਮਾਂ ਨਾਭਾ ਦੇ ਗੁਰਦੁਆਰੇ ਬਾਬਾ ਅਜਾਪਾਲ ਸਿੰਘ ਵਿੱਖੇ ਸਿੱਖੀ ਪ੍ਰਚਾਰ ਦੀ ਵੱਡੀ ਸੇਵਾ ਨਿਭਾਈ। ਉੱਘੇ ਵਿਦਵਾਨਾਂ ਪਾਸੋਂ ਬਹੁਪੱਖੀ ਵਿੱਦਿਆ ਪ੍ਰਾਪਤ ਕਰਨ ਵਾਲੇ ਦਿੱਲੀ, ਲਖਨਊ ਅਤੇ ਲਾਹੌਰ ਤੋਂ ਫਾਰਸੀ ਤੇ ਅੰਗਰੇਜੀ ਭਾਸਾ ਦੇ ਨਾਲ ਨਾਲ ਸੰਗੀਤ ਦੀ ਵਿੱਦਿਆ ਕੀਤੀ। ਸੈਰ ਅਤੇ ਬਾਗਬਾਨੀ ਦੇ ਸੌਕੀਨ ਭਾਈ ਕਾਹਨ ਸਿੰਘ ਨਾਭਾ ਦੇ ਇੱਕੋ ਇੱਕ ਪੁੱਤਰ ਭਗਵਾਨ ਸਿੰਘ ਨੇ ਪੰਜਾਬ ਸਾਹਿਤ ਅਤੇ ਇਤਿਹਾਸ ਦੀ ਵੱਡੀ ਸੇਵਾ ਕੀਤੀ।

ਸਿੰਘ ਸਭਾ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਕਾਨ੍ਹ ਸਿੰਘ ਨਾਭਾ ਨੇ ਨਾਭਾ ਰਿਆਸਤ ਦੇ ਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਇੱਕ ਸੀਨੀਅਰ ਅਧਿਕਾਰੀ ਵਜੋਂ ਕੰਮ ਕੀਤਾ। 1888 ਵਿੱਚ ਕੁੰਵਰ ਰਿਪੁਦਮਨ ਸਿੰਘ ਦੇ ਟਿਊਟਰ ਵਜੋਂ ਵੀ ਕੰਮ ਕੀਤਾ।1893 ਵਿੱਚ ਨਾਭਾ ਦੇ ਰਾਜੇ ਰਿਪੁਦਮਨ ਦੇ ਪਰਸਨਲ ਅਸਿਟੈਂਟ ਵਜੋਂ ਸੇਵਾ ਨਿਭਾਈ। ਕਰੀਬ 14 ਸਾਲਾਂ ਦੀ ਵੱਡੀ ਘਾਲਣਾ ਨਾਲ ਸਿੱਖ ਕੌਮ ਦਾ ਪਹਿਲਾ ‘ਗੁਰੂਸ਼ਬਦ ਰਤਨਾਕਰ ਮਹਾਨ ਕੋਸ਼’ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ, ਸਿੱਖ ਸਾਹਿਤ,ਧਰਮ ਸਬੰਧੀ, ਭੂਗੋਲ, ਬਨਸਪਤੀ, ਸਾਇੰਸ ਅਤੇ ਦੂਜੇ ਧਰਮਾਂ ਦਾ ਗਿਆਨ ਵੀ ਸ਼ਾਮਿਲ ਹੈ, ਜਿਸ ਦੀ ਛਪਾਈ ਪਟਿਆਲੇ ਦੇ ਰਾਜੇ ਭੁਪਿੰਦਰ ਸਿੰਘ ਨੇ ਕਰਵਾਈ।

ਪੰਜਾਬੀ ਭਾਸ਼ਾ ਅਤੇ ਸਾਹਿਤ ਸਭਿਆਚਾਰ ਦਾ ਕੋਈ ਵਿਦਿਆਰਥੀ ਐਸਾ ਨਹੀਂ ਜੋ ਇਸ ਕੋਸ਼ ਨੂੰ ਦੇਖੇ ਬਿਨਾਂ ਅੱਗੇ ਤੁਰਿਆ ਹੋਵੇ।ਰਾਜ ਧਰਮ,ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਸੱਚ ਦਾ ਪਰਮਾਰਥ, ਚੰਡੀ ਦੀ ਵਾਰ ਸਟੀਕ, ਗੁਰੂ ਮਹਿਮਾ, ਨਾਗ ਮਾਲਾ ਕੋਸ਼, ਅਨੇਕਾਰਥ ਕੋਸ਼, ਗੁਰਛੰਦ ਦੀਵਾਕਰ ਅਤੇ ਸ਼ਰਾਬ ਨਿਸ਼ੇਧ ਵਰਗੀਆਂ ਅਨੇਕਾਂ ਅਨਮੋਲ ਪੁਸਤਕਾਂ ਪੰਥ ਦੀ ਝੋਲੀ ਵਿੱਚ ਪਾਈਆਂ।

ਭਾਈ ਸਾਹਿਬ ਨੇ ਵੱਖ ਵੱਖ ਅਖਬਾਰਾਂ ਅਤੇ ਰਸਾਲਿਆਂ ਵਾਸਤੇ ਵੀ ਕੰਮ ਕੀਤਾ ਸੀ।‘ਗੁਰ ਛੰਦ ਦਿਵਾਕਰ’ ਅਤੇ ‘ਗੁਰ ਸ਼ਬਦਾਲੰਕਾਰ’ ਵਰਗੀਆਂ ਪੁਸਤਕਾਂ ਦੀ ਰਚਨਾ ਕਰਕੇ ਆਪ ਇੱਕ ਮਹਾਨ ਛੰਦ ਅਤੇ ਅਲੰਕਾਰ ਸਾਸਤਰੀ ਵਜੋਂ ਪ੍ਰਸਿੱਧ ਹੋਏ। ਸਵਾਮੀ ਦਇਆਨੰਦ ਵਲੋਂ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਲਈ ਮਾੜੀ ਨੀਅਤ ਨਾਲ ਲਿਖੀ ਕਿਤਾਬ ਸਤਿਆਰਥ ਪ੍ਰਕਾਸ, ਦੇ ਜਵਾਬ ਵਿੱਚ ‘ਹਮ ਹਿੰਦੂ ਨਹੀਂ’ ਕਿਤਾਬ ਲਿਖ ਕੇ ਸਿੱਖ ਧਰਮ ਦੀ ਵੱਖਰੀ ਤੇ ਨਿਆਰੀ ਪਛਾਣ ਨੂੰ ਸਮੱਸ਼ਟ ਕੀਤਾ।

1904 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ 22 ਲੱਖ ਇਕੱਠਾ ਕਰਨ ਵਾਲੇ,ਸੱਚਖੰਡਿ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚੋਂ ਮੂਰਤੀਆਂ ਨੂੰ ਪੂਰਨ ਤੌਰ ਤੇ ਹਟਾਉਣ ਵਾਲੇ,ਅੰਗਰੇਜ ਵਿਦਵਾਨ ਮੈਕਸਅਰਥਰ ਮੈਕਾਲਿਫ ਨੂੰ ਇਤਿਹਾਸ ਲਿਖਣ ਦੀ ਜਾਂਚ ਸਿਖਾਉਣ ਵਾਲੇ ਪੰਥ ਰਤਨ ਭਾਈ ਕਾਹਨ ਸਿੰਘ ਨਾਭਾ 77 ਸਾਲ ਦੀ ਉਮਰ ਵਿੱਚ ਨਵੰਬਰ 1938 ਨੂੰ ਇਸ ਬਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

Read More: Martyr Bhai Sewa Singh Thikriwala: ਭਾਈ ਸੇਵਾ ਸਿੰਘ ਠੀਕਰੀਵਾਲਾ ਦੇ ਸਰਵਉੱਚ ਬਲੀਦਾਨ ਨੂੰ ਯਾਦ ਕਰਦਿਆਂ 

Scroll to Top