ਚੰਡੀਗੜ੍ਹ 04 ਜੁਲਾਈ, 2023: ਭਾਜਪਾ ਨੇ ਸੁਨੀਲ ਜਾਖੜ (Sunil Jakhar) ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਅਸ਼ਵਨੀ ਸ਼ਰਮਾ ਦੀ ਥਾਂ ਹੁਣ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਹੋਣਗੇ | ਦੇਸ਼ ਦੇ 5 ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ 4 ਸੂਬਿਆਂ ‘ਚ ਸੂਬਾ ਪ੍ਰਧਾਨ ਬਦਲ ਦਿੱਤੇ ਹਨ।
ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਜਾਖੜ ਕਾਂਗਰਸ ‘ਚ ਰਹਿੰਦੇ ਹੋਏ ਦੋ ਵਾਰ ਵਿਧਾਇਕ, ਇੱਕ ਵਾਰ ਲੋਕ ਸਭਾ ਦੇ ਮੈਂਬਰ ਤੇ ਪ੍ਰਧਾਨ ਦੀ ਕਮਾਨ ਸੰਭਾਲ ਚੁੱਕੇ ਹਨ। ਜਾਖੜ ਪਰਿਵਾਰ ਦੋ ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਹੈ। ਸੁਨੀਲ ਜਾਖੜ ਭਾਜਪਾ ਵਿੱਚ ਹਨ ਤਾਂ ਉਨ੍ਹਾਂ ਦਾ ਭਤੀਜਾ ਸੰਦੀਪ ਜਾਖੜ ਕਾਂਗਰਸ ਦਾ ਅਬੋਹਰ ਤੋਂ ਵਿਧਾਇਕ ਹਨ । ਕਾਂਗਰਸ ਨਾਲ ਕੁਝ ਮਤਭੇਦਾਂ ਕਾਰਨ ਸੁਨੀਲ ਜਾਖੜ ਨੇ ਕਾਂਗਰਸ ਛੱਡ ਦਿੱਤੀ ਸੀ।
ਸੁਨੀਲ ਜਾਖੜ ਦੇ ਨਾਂ ਦੀ ਚਰਚਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ਤੋਂ ਸ਼ੁਰੂ ਹੋ ਗਈ ਸੀ । ਭਾਜਪਾ ਹਾਈਕਮਾਂਡ ਹੁਣ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਮਨਾਉਣ ਵਿੱਚ ਰੁੱਝੀ ਹੋਈ ਹੈ। ਭਾਜਪਾ ਹਾਈਕਮਾਂਡ ਸ਼ੁਰੂ ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਸੌਂਪਣੀ ਚਾਹੁੰਦੀ ਸੀ। ਭਾਜਪਾ ਦਾ ਮੌਜੂਦਾ ਨਿਸ਼ਾਨਾ 2024 ਦੀਆਂ ਲੋਕ ਸਭਾ ਚੋਣਾਂ ਹਨ।
ਪੰਜਾਬ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਝਾਰਖੰਡ ਵਿੱਚ ਬਦਲਾਅ ਆਇਆ ਹੈ। ਕਾਂਗਰਸ ਤੋਂ ਆਏ ਸੁਨੀਲ ਜਾਖੜ ਨੂੰ ਪੰਜਾਬ ਵਿੱਚ, ਡੀ ਪੁਰੰਦੇਸ਼ਵਰੀ ਨੂੰ ਆਂਧਰਾ ਵਿੱਚ, ਜੀ ਕਿਸ਼ਨ ਰੈੱਡੀ ਨੂੰ ਤੇਲੰਗਾਨਾ ਵਿੱਚ ਅਤੇ ਬਾਬੂ ਲਾਲ ਮਰਾਂੜੀ ਨੂੰ ਝਾਰਖੰਡ ਵਿੱਚ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਸ਼ਵਨੀ ਸ਼ਰਮਾ (Ashwini Sharma) ਵੱਲੋਂ ਅਸਤੀਫਾ ਦੇਣ ਦੀਆਂ ਖਬਰਾਂ ਨੂੰ ਲੈ ਕੇ ਉਨ੍ਹਾਂ ਨੇ ਟਵੀਟ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ । ਅਸ਼ਵਨੀ ਸ਼ਰਮਾ ਨੇ ਅਸਤੀਫ਼ੇ ਦੀਆਂ ਮੀਡੀਆ ਵਿੱਚ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਸੀ । ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ,ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਵਿੱਚ ਅਸਤੀਫੇ ਦੀ ਕੋਈ ਪਰੰਪਰਾ ਨਹੀਂ ਹੈ।