July 7, 2024 9:57 pm
Punjabi University

ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰਨ ਦੀਆਂ ਧਮਕੀਆਂ ‘ਤੇ ਉਤਰਿਆ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪ੍ਰੋ. ਸੁਰਜੀਤ

ਪਟਿਆਲਾ, 15 ਦਸੰਬਰ 2023: ਅੱਜ ਇਥੇ ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਖੇ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਦੇ ਨਾਲ ਵਿਦਿਆਰਥੀਆਂ ਨੇ ਗੱਲਬਾਤ ਕੀਤੀ, ਜਿਸ ਵਿੱਚ ਵਿਦਿਆਰਥੀਆਂ ਨੇ ਚਿੰਤਾਜਨਕ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਬੀਤੇ ਕੁੱਝ ਦਿਨਾਂ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪ੍ਰੋ. ਸੁਰਜੀਤ ਦੇ ਕਰਿੰਦਿਆ ਤੇ ਖੁਦ ਪ੍ਰੋਫੈਸਰ ਵੱਲੋਂ ਕੇਸ ਨਾਲ ਜੁੜੇ ਹੋਏ ਵਿਦਿਆਰਥੀਆਂ ਦੇ ਘਰਾਂ ਵਿੱਚ ਜਾਂ ਕਿਸੇ ਸਰਕਾਰੀ ਅਧਿਕਾਰੀ ਕੋਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਫੋਨ ਲਗਾ ਕੇ ਡਰਾਇਆ ਜਾ ਰਿਹਾ ਹੈ।

ਵਿਦਿਆਰਥੀਆਂ ਦੇ ਮਾਪਿਆਂ ਜਾਂ ਨੇੜਲੇ ਰਿਸ਼ਤੇਦਾਰਾਂ ਨੂੰ ਫੋਨ ਲਾ ਕੇ ਬੱਚਿਆਂ ਦਾ ਭਵਿੱਖ ਖ਼ਰਾਬ ਕਰਨ, ਬੱਚਿਆਂ ਨੂੰ ਪੇਪਰਾਂ ਵਿੱਚ ਨਹੀਂ ਬੈਠਣ ਦਵਾਂਗੇ ਆਦਿ ਹੋਰ ਵੀ ਧਮਕੀਆਂ ਦੇ ਕੇ ਵਿਦਿਆਰਥੀਆਂ ਵਿੱਚ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸੰਬੰਧੀ ਮੋਰਚਾ ਮਾਣਯੋਗ ਪੰਜਾਬ ਸਰਕਾਰ, ਗਵਰਨਰ ਸਾਹਿਬ, ਜ਼ਿਲ੍ਹਾਂ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਦੇ ਕੇ ਜਾਣੂ ਕਰਵਾ ਚੁੱਕਾ ਹੈ ਪਰ ਇਸ ਸੰਜੀਦਾ ਮਸਲੇ ਤੋਂ ਸਾਰੇ ਪਾਸਿਆਂ ਵੱਲੋਂ ਚੁੱਪ ਹੀ ਧਾਰਨ ਕੀਤੀ ਹੋਈ ਹੈ।

ਵਿਦਿਆਰਥੀਆਂ ਨੇ ਕਿਹਾ ਕਿ ਸਾਡੇ ਘਰਾਂ ਵਿਚ ਫੋਨ ਕਰਕੇ ਬਿਆਨਾਂ ਤੋਂ ਪਾਸਾ ਵੱਟਣ ਦਾ ਜ਼ੋਰ ਪਾਇਆ ਜਾ ਰਿਹਾ ਹੈ ਅਤੇ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਬਿਆਨਾਂ ਵਾਪਸ ਨਾ ਲਏ ਤਾਂ ਤੁਹਾਡਾ ਭਵਿੱਖ ਧੁੰਦਲਾ ਕਰ ਦਿੱਤਾ ਜਾਵੇਗਾ। ਵਿਦਿਆਰਥੀਆਂ ਨੇ ਕਿਹਾ ਕਿ ਸਾਡੇ ਘਰਾਂ ਵਿਚ ਸਾਡੇ ਵੱਲੋਂ ਦਿੱਤੇ ਗਏ ਬਿਆਨਾਂ ਬਾਰੇ ਪੁੱਛਿਆ ਜਾ ਰਿਹਾ ਹੈ, ਜਿਸ ਕਰਕੇ ਸਾਰੀ ਘਟਨਾ ਤੋਂ ਅਣਜਾਣ ਸਾਡੇ ਮਾਪੇ ਵੀ ਬਿਆਨ ਵਾਪਸ ਲੈਣ ਅਤੇ ਪੜਾਈ ਤੋਂ ਹਟਾ ਕੇ ਘਰ ਬਿਠਾਉਣ ਦਾ ਡਰ ਦਿੱਤਾ ਜਾਂਦਾ ਹੈ।

ਮੋਰਚੇ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ (Punjabi University) ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੂੰ ਜਾਣ ਬੁੱਝ ਕੇ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਹ ਸਹਿਮ ਦੇ ਮਾਹੌਲ ਵਿੱਚ ਹਨ। ਪੰਜਾਬੀ ਯੂਨੀਵਰਸਿਟੀ ਦੇ ਜਿਨਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵੱਲੋਂ ਪ੍ਰੋਫ਼ੈਸਰ ਸੁਰਜੀਤ ਦੇ ਵਿਵਹਾਰ ਸੰਬੰਧੀ ਬਿਆਨ ਦਰਜ ਕਰਵਾਏ ਗਏ ਸਨ ਉਨ੍ਹਾਂ ਨੂੰ ਬਿਆਨ ਦਰਜ ਕਰਵਾਉਣ ਤੋਂ ਪਹਿਲਾਂ ਵੀ ਡਰਾਇਆ ਜਾ ਰਿਹਾ ਸੀ ਅਤੇ ਹੁਣ ਵੀ ਉਨ੍ਹਾਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੂੰ ਜਾਣ ਬੁੱਝ ਕੇ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪੇਪਰਾਂ ਵਿੱਚ ਬੈਠਣ ਤੋਂ ਰੋਕਣ ਲਈ ਹਾਜ਼ਰੀਆਂ ਘਟਾਈਆਂ ਜਾ ਰਹੀਆਂ ਹਨ |

ਦੂਜੇ ਪਾਸੇ ਡੀਨ ਵਿਦਿਆਰਥੀ ਭਲਾਈ ਵਿਭਾਗ ਵਿਖੇ ਚੱਲ ਰਹੀ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਬਿਆਨ ਦਰਜ ਕਰਵਾਉਣ ਲਈ ਪੇਪਰਾਂ ਦੇ ਦੌਰਾਨ ਬੁਲਾ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਕਰ ਵਿਦਿਅਕ ਨੁਕਸਾਨ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਜਿਸ ਕਰਕੇ ਉਹ ਪੇਪਰਾਂ ਦੀ ਤਿਆਰੀ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਹੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਬਿਆਨ ਪੇਪਰਾਂ ਤੋਂ ਪਹਿਲਾਂ ਵੀ ਲਏ ਜਾ ਸਕਦੇ ਸਨ ਅਤੇ ਬਾਅਦ ਵਿੱਚ ਵੀ। ਪਹਿਲਾਂ ਵੀ ਅਜਿਹੀ ਮਾਨਸਿਕ ਪ੍ਰੇਸ਼ਾਨੀ ਕਰਕੇ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਹੁਣ ਵੀ ਅਜਿਹੇ ਚੱਲ ਰਹੇ ਮਾਹੌਲ ਵਿੱਚ ਕੋਈ ਅਣ ਸੁਖਾਵੀਂ ਘਟਨਾ ਵਾਪਰ ਸਕਦੀ ਹੈ।

ਮੋਰਚੇ ਦੇ ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ, ਮਾਣਯੋਗ ਗਵਰਨਰ ਸਾਹਿਬ, ਮਹਿਲਾ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਿਦਿਆਰਥੀਆਂ ਨਾਲ ਹੋ ਰਹੇ ਮਾਨਸਿਕ ਤਸ਼ੱਦਦ ਵੱਲ ਖ਼ਾਸ ਧਿਆਨ ਦਿਤਾ ਜਾਵੇ ਅਤੇ ਪ੍ਰੋਫੈਸਰ ਸੁਰਜੀਤ ਉੱਪਰ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਗਠਿਤ ਦੋ ਮੈਂਬਰੀ ਕਮੇਟੀ ਦੇ ਆਧਾਰ ਤੇ IPC ਦੀ ਧਾਰਾ ਤਹਿਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।