MLA kulwant singh

ਵਿਧਾਇਕ ਕੁਲਵੰਤ ਸਿੰਘ ਦੀ ਟੀਮ ਵੱਲੋਂ ਲੋਕਾਂ ਲਈ ਰੈਣ- ਬਸੇਰਾ, ਲੰਗਰ ਅਤੇ ਮੈਡੀਕਲ ਸੇਵਾਵਾਂ ਦਾ ਪੁਖ਼ਤਾ ਪ੍ਰਬੰਧ

ਮੋਹਾਲੀ,10 ਜੁਲਾਈ 2023: ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਪੈ ਰਹੀ ਭਾਰੀ ਬਰਸਾਤ ਦੇ ਚੱਲਦਿਆਂ ਕੁਦਰਤ ਦੀ ਇਸ ਕਰੋਪੀ ਨੇ ਇਕ ਵਾਰੀ ਮਨੁੱਖੀ ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਆਪਣੀ ਜਾਨ, ਆਪਣਾ ਘਰ ਅਤੇ ਸਾਮਾਨ ਨੂੰ ਸੰਭਾਲਣ ਦੇ ਲਈ ਦੋ-ਚਾਰ ਹੋਣਾ ਪੈ ਰਿਹਾ ਹੈ | ਉਧਰ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਜਿਥੇ ਅੱਜ ਮੋਹਾਲੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਦਾ ਫਿਰ ਤੋਂ ਦੌਰਾ ਕੀਤਾ, ਉਥੇ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਵੱਲੋਂ 5 ਟੀਮਾਂ ਬਣਾ ਕੇ ਮੋਹਾਲੀ ਸ਼ਹਿਰ ਅਤੇ ਪਿੰਡਾਂ ਦੇ ਵਿਚ ਭੇਜੀਆਂ ਗਈਆਂ ਹਨ |

ਵਿਧਾਇਕ ਕੁਲਵੰਤ ਸਿੰਘ ਨੇ ਅੱਜ ਫੇਜ਼- 9 ਅਤੇ 11 ਸਮੇਤ ਬਰਸਾਤੀ ਪਾਣੀ ਦੀ ਮਾਰ ਹੇਠ ਆਏ ਪਿੰਡ ਰੁੜਕਾ ਦਾ ਉਚੇਚੇ ਤੌਰ ‘ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਦੌਰਾ ਕੀਤਾ, ਇਸ ਮੌਕੇ ਪੱਤਰਕਾਰਾਂ ਦੇ ਨਾਲ ਪਿੰਡ ਰੁੜਕਾ ਵਿਖੇ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਨੇ ਕਿਹਾ ਕਿ ਬਰਸਾਤੀ ਪਾਣੀ ਦੀ ਇਸ ਸਮੱਸਿਆ ਦੇ ਚੱਲਦਿਆਂ ਹੀ ਅੱਜ ਮੁੱਖ ਮੰਤਰੀ ਪੰਜਾਬ- ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਮੋਹਾਲੀ ਸ਼ਹਿਰ ਦਾ ਦੌਰਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸੰਕਟ ਦੇ ਦਿਨਾਂ ਵਿਚ ਲੋਕਾਂ ਦੀ ਮੱਦਦ ਲਈ ਹਰ ਸਮੇਂ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਹਨ |

ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ, ਆਗੂ, ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਸਾਤੀ ਪਾਣੀ ਦੀ ਇਸ ਮਾਰ ਦੇ ਦੌਰਾਨ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੇ ਹਨ, ਉਨ੍ਹਾਂ ਨੇ ਕਿਹਾ ਕਿ ਰੁੜਕਾ ਪਿੰਡ ਵਿੱਚ ਪੁੱਜ ਕੇ ਲੋਕਾਂ ਦੀ ਹਾਲਤ ਦਾ ਪਤਾ ਲਗਾਇਆ ਸੀ ਅਤੇ ਹੁਣ ਇਸ ਪਿੰਡ ਵਿਚੋਂ ਪਾਣੀ ਨੂੰ ਕੱਢੇ ਜਾਣ ਦਾ ਇੰਤਜ਼ਾਮ ਕਰ ਲਏ ਗਏ ਹਨ ਅਤੇ ਲੋਕਾਂ ਦੀ ਸਹੂਲਤ ਦੇ ਲਈ ਕਿਸ਼ਤੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ |

ਉਨ੍ਹਾਂ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਦਾ ਲੋਕਾਂ ਨੂੰ ਮਿਲ ਕੇ ਸਾਹਮਣਾ ਕਰਨਾ ਚਾਹੀਦਾ ਹੈ, ਕਿਸੇ ਵਿਅਕਤੀ ਨੂੰ ਕੋਈ ਮੁਸ਼ਕਿਲ ਜਾਂ ਬਿਪਤਾ ਪੈਂਦੀ ਹੈ, ਤਾਂ ਉਸਦੀ ਹਰ ਇੱਕ ਨੂੰ ਅਗਾਂਹ ਹੋ ਕੇ ਮੱਦਦ ਕਰਨੀ ਚਾਹੀਦੀ ਹੈ । ਕੁਲਵੰਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਲਈ ਰਹਿਣ ਬਸੇਰਾ, ਲੰਗਰ ਦੀ ਵਿਵਸਥਾ ਅਤੇ ਮੈਡੀਕਲ ਸੁਵਿਧਾ ਦਾ ਪ੍ਰਬੰਧ ਕੀਤਾ ਗਿਆ ਹੈ। ਲੰਗਰ ਦੀ ਸੇਵਾ ਪੂਰੇ ਸ਼ਹਿਰ ਅਤੇ ਪਿੰਡਾ ਦੇ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਭੇਜੀ ਜਾ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਸ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ |

Mohali

ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਦੱਸਿਆ ਕਿ ਫੇਜ-11 ਵਿਖੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਲਿਆ ਗਿਆ ਹੈ, ਪਿੰਡ ਸੰਭਾਲਕੀ, ਐਰੋਸਿਟੀ ਅਤੇ ਹੋਰਨਾਂ ਥਾਵਾਂ ਤੇ ਵੀ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ ਜ਼ਰੂਰੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਦਾਊਂ ਅਤੇ ਹੋਰਨਾਂ ਕਈ ਥਾਵਾਂ ਤੇ ਵੀ ਉਨ੍ਹਾਂ ਨੂੰ ਪਾਣੀ ਦੀ ਨਿਕਾਸੀ ਬਾਰੇ ਵਿਚ ਪਤਾ ਚੱਲਿਆ ਸੀ, ਜਿਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰ ਲਏ ਜਾਣ ਦੇ ਲਈ ਆਖ ਦਿੱਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਕਿਹਾ ਕਿ ਉਹ ਪੂਰੇ ਹਲਕੇ ਦੇ ਵਿੱਚ ਖੁਦ ਲੋਕਾਂ ਨੂੰ ਇਸ ਬਰਸਾਤ ਦੇ ਪਾਣੀ ਨਾਲ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ, ਇਸ ਸਮੱਸਿਆ ਦੇ ਬਾਰੇ ਵਿੱਚ ਜਾਣੂ ਹਨ | ਇਸ ਮੌਕੇ ‘ਤੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਐਸ. ਡੀ. ਐਮ. ਮੋਹਾਲੀ, ਸਰਬਜੀਤ ਕੌਰ, ਡੀ.ਐਸ.ਪੀ ਹਰਸਿਮਰਤ ਬੱਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ |

Scroll to Top