July 5, 2024 3:18 am
Dr. Ruby Dhalla

ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸਿੱਖਿਆ ਆਉਣ ਵਾਲੀਆਂ ਪੀੜ੍ਹੀਆਂ ਦੇ ਨੇਤਾਵਾਂ ਨੂੰ ਪ੍ਰੇਰਿਤ ਕਰਦੀ ਰਹੇਗੀ: ਸਾਬਕਾ MP ਕੈਨੇਡਾ

ਚੰਡੀਗੜ੍ਹ, 27 ਅਪ੍ਰੈਲ 2023: ਸਾਬਕਾ ਕੈਨੇਡੀਅਨ ਪਾਰਲੀਮੈਂਟ ਮੈਂਬਰ ਡਾ. ਰੂਬੀ ਢੱਲਾ (Ruby Dhalla) ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਪੰਜਾਬ ਅਤੇ ਪੰਜਾਬ ਦੀ ਰਾਜਨੀਤੀ ਨੂੰ ਅੱਜ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਬਾਦਲ ਸਾਹਿਬ ਪੰਜਾਬ ਦੀ ਸੀਮਾਵੰਤ ਪਾਰਟੀ ਅਕਾਲੀ ਦਲ ਦੇ ਪੂਰਵ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਭਾਰਤੀ ਸਿਆਸਤ ਦੀ ਇੱਕ ਮਹਾਨ ਸਖ਼ਸ਼ੀਅਤ ਸਨ । ਉਨ੍ਹਾਂ ਨੇ ਮੁੱਖ ਮੰਤਰੀ ਦੇ ਤੌਰ ਤੇ ਪੰਜਾਬ ਨੂੰ ਵੱਡਾ ਯੋਗਦਾਨ ਦਿੱਤਾ ਹੈ |

ਜਦੋਂ ਮੈਨੂੰ ਉਨ੍ਹਾਂ ਨਾਲ ਨੇੜਿਓਂ ਕੰਮ ਕਰਨ ਦਾ ਸਨਮਾਨ ਮਿਲਿਆ ਤਾਂ ਮੈਂ ਪੰਜਾਬ ਦੇ ਲੋਕਾਂ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਅਤੇ ਉਨ੍ਹਾਂ ਦੇ ਜੀਵਨ ਨੂੰ ਸੁਧਾਰਨ ਲਈ ਕੀਤੇ ਅਣਥੱਕ ਯਤਨਾਂ ਦੀ ਪੁਸ਼ਟੀ ਕਰ ਸਕਦੀ ਹਾਂ। ਉਨ੍ਹਾਂ ਦੀ ਅਗਵਾਈ ਅਤੇ ਮਾਰਗਦਰਸ਼ਨ ਨੇ ਮੇਰੇ ਸਿਆਸੀ ਜੀਵਨ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਅਤੇ ਮੈਂ ਉਨ੍ਹਾਂ ਦੇ ਸਮਰਥਨ ਅਤੇ ਸਲਾਹ ਲਈ ਹਮੇਸ਼ਾ ਧੰਨਵਾਦੀ ਰਹਾਂਗੀ |

ਅੱਜ ਇਹ ਖ਼ਬਰ ਸੁਣਕੇ ਮੇਰੀਆਂ ਅੱਖਾਂ ਨਾਮ ਹੋ ਗਈਆਂ ਤੇ ਮੈਨੂੰ ਉਹ ਸਮਾਂ ਦੁਬਾਰੇ ਯਾਦ ਆ ਰਿਹਾ ਹੈ ਜੋ ਮੈਂ ਅਤੇ ਸ.ਪ੍ਰਕਾਸ਼ ਸਿੰਘ ਬਾਦਲ ਨੇ ਇਕੱਠੇ ਬਿਤਾਇਆ ਸੀ | ਬਾਦਲ ਸਾਹਿਬ ਦੇ ਕਹੇ ਹੋਏ ਬੋਲ ” ਰੂਬੀ ਮੈਂ ਤੈਨੂੰ ਭਾਰਤ ਅਤੇ ਪੰਜਾਬ ਦੀ ਸਿਆਸਤ ਵਿੱਚ ਵੀ ਬਹੁਤ ਉੱਚੇ ਮੁਕਾਮ ਤੇ ਦੇਖਣਾ ਚੌਣਾ ਹਾਂ |” ਓਹਨਾ ਦੇ ਕਹੇ ਗਏ ਇਹ ਸ਼ਬਦ ਮੇਰੇ ਦਿਲ ਦੇ ਬਹੁਤ ਨੇੜੇ ਹਨ ਤੇ ਇੱਕ ਮੀਠੀ ਯਾਦ ਵਜੋਂ ਮੈਨੂੰ ਹਮੇਸ਼ਾ ਯਾਦ ਰਹਿਣਗੇ |

Ruby Dhalla

“ਬਾਦਲ ਸਾਹਿਬ ਮੇਰੀ ਪਹਿਲੀ ਚੋਣ ਦੇ ਵਿੱਚ ਮੇਰੇ ਮਾਰਗ ਦਰਸ਼ਕ ਬਣੇ ਜਿਨ੍ਹਾਂ ਦੀ ਦਿਤੀ ਹੋਈ ਰਾਜਨੀਤਿਕ ਸਿੱਖਿਆ ਨਾਲ ਮੈਂ ਆਪਣੀ ਜਿੱਤ ਸੰਸਦ ਦੇ ਮੈਂਬਰ ਵਜੋਂ ਪ੍ਰਾਪਤ ਕੀਤੀ | ਬਾਦਲ ਸਾਹਿਬ ਨੇ ਚੋਣਾਂ ਦੌਰਾਨ ਮੈਨੂੰ ਹੋਂਸਲਾ ਦਿੰਦੇ ਹੋਏ ਕਿਹਾ ਕੇ “ਤੂੰ ਪੰਜਾਬ ਦੀ ਧੀ ਏਂ ਸਾਰਾ ਪੰਜਾਬ ਤੇਰੇ ਨਾਲ ਹੈ ਤੂੰ ਸਾਡੇ ਪੰਜਾਬ ਦਾ ਮਾਣ ਹੈਂ” | ਓਹਨਾ ਦੀ ਦਿਤੀ ਸਿੱਖਿਆ ਤੇ ਹੋਂਸਲੇ ਨਾਲ ਮੈਂ ਆਪਣੇ ਸਿਆਸੀ ਦੌਰ ਦੀ ਸ਼ੁਰੂਆਤ ਕੀਤੀ ਜਿੱਤ ਪ੍ਰਾਪਤ ਕਰ ਰਿਕਾਰਡ ਕਾਇਮ ਕੀਤਾ | ਓਹਨਾ ਨਾਲ ਮੇਰਾ (Ruby Dhalla)  ਪਿਆਰ ਅਤੇ ਨੇੜਤਾ ਸਿਰਫ ਇਕ ਸਿਆਸੀ ਰਿਸਤੇ ਕਰਕੇ ਨਹੀਂ ਸੀ | ਪਹਿਲੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋ ਮੈਂ ਪੰਜਾਬ ਗਈ ਉਸ ਵੇਲੇ ਓਹਨਾ ਨੇ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋ ਕਿ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ ਆਪਣੀ ਧੀ ਕਹਿ ਕੇ ਮਿਲਵਾਇਆ | ਓਹਨਾ ਨੇ ਮੈਨੂੰ ਕੁੜੀਆਂ ਨੂੰ ਹਰ ਖੇਤਰ ਵਿੱਚ ਅੱਗੇ ਲੈ ਕੇ ਆਉਣ ਵਾਲੇ ਕੰਮਾਂ ਤੋਂ ਜਾਣੂ ਕਰਵਾਇਆ | ”

ਬਾਦਲ ਸਾਹਿਬ ਪੰਜਾਬ ਦੀ ਰਾਜਨੀਤੀ ਚ ਸਾਰਿਆਂ ਤੋਂ ਸੂਝਵਾਨ ਅਤੇ ਸੁਲਝੇ ਹੋਏ ਸਿਆਸਤਦਾਨ ਸਨ | ਪੰਜਾਬ ਰਾਜ ਅਤੇ ਭਾਰਤੀ ਰਾਜਨੀਤੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਸਭ ਤੋਂ ਛੋਟੀ ਉਮਰ ਦੇ ਸਰਪੰਚ, ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ, ਸਭ ਤੋਂ ਬਜ਼ੁਰਗ ਮੁੱਖ ਮੰਤਰੀ ਸਨ ਅਤੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ।

ਪ੍ਰਕਾਸ਼ ਸਿੰਘ ਬਾਦਲ ਨੂੰ ਨਾ ਸਿਰਫ਼ ਸਭ ਤੋਂ ਨੌਜਵਾਨ ਸਰਪੰਚ, ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਅਤੇ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਵਜੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ, ਸਗੋਂ ਪੰਜਾਬ ਦੀ ਬਿਹਤਰੀ ਲਈ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਵੀ ਯਾਦ ਕੀਤਾ ਜਾਵੇਗਾ।ਉਨ੍ਹਾਂ ਦੀ ਸਿੱਖਿਆ ਆਉਣ ਵਾਲੀਆਂ ਪੀੜ੍ਹੀਆਂ ਦੇ ਨੇਤਾਵਾਂ ਨੂੰ ਪ੍ਰੇਰਿਤ ਕਰਦੀ ਰਹੇਗੀ।

ਅੱਜ ਪੰਜਾਬ ਦਾ ਦੁੱਖ ਸਮਝਣ ਵਾਲੇ ਤੇ ਰਾਜਨੀਤੀ ਚ ਬਾਬਾ ਬੋਹੜ ਕਹੇ ਜਾਣ ਵਾਲੇ ਸਿਆਸਤਦਾਨ ਨੂੰ ਦੁਨੀਆਂ ਨਮ ਅੱਖਾਂ ਨਾਲ ਵਿਦਾਈ ਦੇ ਰਹੀ ਹੈ | ਮੈਂ ਇਸ ਦੁੱਖ ਦੀ ਘੜੀ ਵਿੱਚ ਓਹਨਾ ਦੇ ਪਰਿਵਾਰ ਦੇ ਨਾਲ ਹਾਂ ਅਤੇ ਅਰਦਾਸ ਕਰਦੀ ਹਾਂ ਕੇ ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੋਂਸਲਾ ਦੇਵੇ |