ਮਾਛੀਵਾੜਾ ਸਾਹਿਬ, 2 ਸਤੰਬਰ 2023: ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅੱਜ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਕੂਲ ਅਧਿਆਪਕਾ ਸਿਮਰਨਜੀਤ ਕੌਰ (22) ਵਾਸੀ ਟਾਂਡਾ ਨੇ ਕਲਾਸ ਰੂਮ ‘ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫ਼ਾਹਾ ਲੈ ਕੇ ਖੁਦਕੁਸ਼ੀ (suicide) ਕਰ ਲਈ ਹੈ।
ਮ੍ਰਿਤਕ ਦੇ ਪਿਤਾ ਮੋਹਣ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਈ.ਟੀ.ਟੀ. ਦਾ ਕੋਰਸ ਕੀਤਾ ਹੋਇਆ ਸੀ ਅਤੇ ਉਹ ਪਿਛਲੇ 1 ਸਾਲ ਤੋਂ ਨੇੜਲੇ ਪਿੰਡ ਪੰਜਗਰਾਈਆਂ ਵਿਖੇ ਸਰਕਾਰੀ ਸਕੂਲ ਵਿਚ ਪ੍ਰਾਈਵੇਟ ਤੌਰ ’ਤੇ ਅਧਿਆਪਕਾ ਵਜੋਂ ਡਿਊਟੀ ਨਿਭਾ ਰਹੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਬਹੁਤ ਹੋਣਹਾਰ ਸੀ ਜੋ ਕਿ ਨਾਲ-ਨਾਲ ਬੀ.ਏ. ਦੀ ਪੜ੍ਹਾਈ ਵੀ ਕਰ ਰਹੀ ਸੀ, ਪਰ ਅਚਾਨਕ ਉਸਨੇ ਖੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ ਉਸ ਤੋਂ ਬੜੇ ਹੈਰਾਨ ਹਨ।
ਜਾਣਕਾਰੀ ਅਨੁਸਾਰ ਪੰਜਗਰਾਈਆਂ ਸਕੂਲ ਵਿਚ 2 ਵਜੇ ਛੁੱਟੀ ਹੋਈ ਅਤੇ ਬੱਚੇ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਇਸ ਦੌਰਾਨ ਖਾਲੀ ਹੋਏ ਕਲਾਸਰੂਮ ਵਿਚ ਅਧਿਆਪਕਾ ਸਿਮਰਨਜੀਤ ਕੌਰ ਦੀ ਲਟਕਦੀ ਲਾਸ਼ ਮਿਲੀ | ਸਕੂਲ ਵਿਚ ਬੱਚਿਆਂ ਨੂੰ ਲੈਣ ਆਏ ਇੱਕ ਵਿਅਕਤੀ ਨੇ ਜਦੋਂ ਕਲਾਸਰੂਮ ਵਿਚ ਸਿਮਰਨਜੀਤ ਕੌਰ ਨੂੰ ਪੱਖੇ ਨਾਲ ਲਟਕਦੇ ਦੇਖਿਆ ਤਾਂ ਉਸਨੇ ਤੁਰੰਤ ਰੌਲਾ ਪਾਇਆ ਤਾਂ ਇਸ ਦੌਰਾਨ ਸਕੂਲ ਵਿਚ ਮੌਜੂਦ ਪ੍ਰਿੰਸੀਪਲ ਅਤੇ ਹੋਰ ਸਟਾਫ਼ ਵੀ ਭੱਜੇ ਆਏ, ਜਿਨ੍ਹਾਂ ਨੇ ਅਧਿਆਪਕਾ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਮਰਾਲਾ ਜਸਪਿੰਦਰ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਪਰ ਅਜੇ ਤੱਕ ਅਧਿਆਪਕਾ ਵੱਲੋਂ ਖੁਦਕੁਸ਼ੀ (suicide) ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮ੍ਰਿਤਕ ਅਧਿਆਪਕਾ ਦਾ ਮੋਬਾਇਲ ਆਪਣੇ ਕਬਜ਼ੇ ’ਚ ਲੈ ਲਿਆ ਹੈ ਜਿਸ ਤੋਂ ਕੁਝ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ਕਿ ਉਸਨੇ ਖੁਦਕੁਸ਼ੀ ਕਿਉਂ ਕੀਤੀ। ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਲਾਸ਼ ਭੇਜ ਦਿੱਤੀ ਹੈ ਅਤੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।