July 1, 2024 12:45 pm
sweep team

ਸਵੀਪ ਟੀਮ ਵੱਲੋਂ ਕਿਸਾਨ ਮੇਲੇ ਦੌਰਾਨ ਵੋਟਰ ਜਾਗਰੂਕਤਾ ਸਬੰਧੀ ਲਗਾਈ ਸਟਾਲ

ਸ੍ਰੀ ਮੁਕਤਸਰ ਸਾਹਿਬ, 22 ਮਈ 2024: ਮਾਣਯੋਗ ਚੋਣ ਕਮਿਸ਼ਨ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ -ਡਿਪਟੀ ਕਮਿਸ਼ਨਰ ਸ. ਹਰਪ੍ਰੀਤ ਸਿੰਘ ਸੂਦਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੀਪ ਟੀਮ (sweep team) ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਸਟਾਲ ਲਗਾਈ ਗਈ।

ਇਸ ਮੌਕੇ ਸਮੂਹ ਸਵੀਪ ਟੀਮ ਵੱਲੋਂ ਕੈਂਪ ਦੌਰਾਨ ਹਾਜ਼ਰ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਵੋਟ ਦੇ ਹੱਕ ਨੂੰ ਜ਼ਰੂਰ ਇਸਤੇਮਾਲ ਕੀਤਾ ਜਾਵੇ, ਕਿਉਂਕਿ ਇਹ ਵੋਟ ਪਾਉਣ ਦਾ ਹੱਕ ਬਹੁਤ ਕੁਰਬਾਨੀਆਂ ਦੇ ਕੇ ਮਿਲਿਆ ਹੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਮਤਦਾਨ ਦੇ 70 ਪ੍ਰਤੀਸ਼ਤ ਟੀਚੇ ਨੂੰ ਪੂਰਾ ਕਰਨ ਲਈ ਆਪਣਾ ਬਣਦਾ ਵੱਧ ਤੋਂ ਵੱਧ ਯੋਗਦਾਨ ਦੇਣ ਤਾਂ ਜੋ ਵੋਟ ਪਾਉਣ ਦੇ ਹੱਕ ਦੀ ਸਹੀ ਵਰਤੋਂ ਕੀਤੀ ਜਾ ਸਕੇ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ, ਸ. ਗੁਰਨਾਮ ਸਿੰਘ ਨੇ ਵੀ ਕਿਸਾਨ ਸਿਖਲਾਈ ਕੈਂਪ ਵਿੱਚ ਆਏ ਹੋਏ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 1 ਜੂਨ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੈਣ ਜਾ ਰਹੀਆਂ ਵੋਟਾਂ ਲਈ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ ਕਿਸੇ ਡਰ, ਭੈਅ ਜਾਂ ਲਾਲਚ ਤੋਂ ਜ਼ਰੂਰ ਕੀਤੀ ਜਾਵੇ।

ਇਸ ਮੌਕੇ ਸਵੀਪ ਟੀਮ (sweep team) ਵੱਲੋਂ ਸਮੂਹ ਹਾਜ਼ਰੀਨ ਨੂੰ ਪ੍ਰਣ ਵੀ ਦਿਵਾਇਆ ਗਿਆ ਕਿ ਉਹ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਤੋਂ ਵੋਟ ਪਾਉਣ ਦੇ ਹੱਕ ਦਾ ਜ਼ਰੂਰ ਇਸਤੇਮਾਲ ਕਰਨਗੇ ਅਤੇ ਇਸ ਸਬੰਧੀ ਉਹ ਅੱਗੇ ਵੀ ਆਪਣੇ ਸਾਕ-ਸਬੰਧੀ, ਰਿਸ਼ਤੇਦਾਰ ਅਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨਗੇ।