July 7, 2024 8:29 am
pregnancy

ਸੁਪਰੀਮ ਕੋਰਟ ਨੇ DERC ਚੇਅਰਮੈਨ ਦੀ ਨਿਯੁਕਤੀ ‘ਤੇ ਲਗਾਈ ਰੋਕ, ਦਿੱਲੀ ਸਰਕਾਰ ਨੇ ਕੀਤਾ ਸੀ ਵਿਰੋਧ

ਚੰਡੀਗੜ੍ਹ 04 ਜੁਲਾਈ, 2023: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (DERC) ਦੇ ਚੇਅਰਮੈਨ ਸੇਵਾਮੁਕਤ ਜਸਟਿਸ ਉਮੇਸ਼ ਕੁਮਾਰ ਦੇ ਸਹੁੰ ਚੁੱਕ ਸਮਾਗਮ ਨੂੰ ਇੱਕ ਹਫ਼ਤੇ ਲਈ ਟਾਲ ਦਿੱਤਾ ਹੈ । ਸੁਪਰੀਮ ਕੋਰਟ ਨੇ ਕੇਂਦਰ ਅਤੇ ਐਲਜੀ ਵੀ.ਕੇ ਸਕਸੈਨਾ ਨੂੰ ਨੋਟਿਸ ਜਾਰੀ ਕੀਤਾ ਹੈ।

ਦਿੱਲੀ ਸਰਕਾਰ ਨੇ ਇਲਾਹਾਬਾਦ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਉਮੇਸ਼ ਕੁਮਾਰ ਦੀ ਡੀਈਆਰਸੀ (DERC) ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਇਸ ਆਧਾਰ ‘ਤੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਕਿ ਇਹ ਉਪ ਰਾਜਪਾਲ ਦੁਆਰਾ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਇਕਪਾਸੜ ਤੌਰ ‘ਤੇ ਕੀਤੀ ਗਈ ਸੀ। ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਕਰੇਗੀ। ਉਦੋਂ ਤੱਕ ਸਹੁੰ ਨਹੀਂ ਚੁੱਕੀ ਜਾ ਸਕਦੀ। ਸੇਵਾਮੁਕਤ ਜਸਟਿਸ ਉਮੇਸ਼ ਕੁਮਾਰ ਨੂੰ 21 ਜੂਨ ਨੂੰ ਡੀਈਆਰਸੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਕੌਣ ਹਨ ਉਮੇਸ਼ ਕੁਮਾਰ ?

ਉਮੇਸ਼ ਕੁਮਾਰ ਇਲਾਹਾਬਾਦ ਹਾਈਕੋਰਟ ਦੇ ਸੇਵਾਮੁਕਤ ਜਸਟਿਸ ਹਨ। ਉਨ੍ਹਾਂ ਨੇ ਸਾਲ 1980 ਵਿੱਚ ਕਾਨੂੰਨ ਵਿੱਚ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੂੰ 1985 ਵਿੱਚ ਪੀ.ਸੀ.ਐਸ. (ਜੇ) ਵਿੱਚ ਕਮਿਸ਼ਨ ਮਿਲਿਆ ਸੀ। ਸਾਲ 2001 ਵਿੱਚ ਉੱਚ ਨਿਆਂਇਕ ਸੇਵਾ ਵਿੱਚ ਪਦਉੱਨਤ ਰਹੇ । ਸਾਲ 2014 ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਤਰੱਕੀ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ 22 ਨਵੰਬਰ 2018 ਨੂੰ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ 20 ਨਵੰਬਰ, 2020 ਨੂੰ ਸਥਾਈ ਜੱਜ ਵਜੋਂ ਸਹੁੰ ਚੁੱਕੀ ਸੀ।