Ram Setu

ਸੁਪਰੀਮ ਕੋਰਟ ਵੱਲੋਂ ਰਾਮ ਸੇਤੂ ਦੇ ਦੋਵੇਂ ਪਾਸੇ ਦੀਵਾਰਾਂ ਬਣਾਉਣ ਤੇ ਰਾਸ਼ਟਰੀ ਵਿਰਾਸਤ ਐਲਾਨਣ ਦੀ ਮੰਗ ਵਾਲੀ ਪਟੀਸ਼ਨ ਰੱਦ

ਚੰਡੀਗੜ੍ਹ, 03 ਅਕਤੂਬਰ 2023: ਸੁਪਰੀਮ ਕੋਰਟ ਨੇ ਅੱਜ ਰਾਮ ਸੇਤੂ (Ram Setu) ਦੇ ਦੋਵੇਂ ਪਾਸੇ ਦੀਵਾਰਾਂ ਬਣਾਉਣ ਅਤੇ ਇਸ ਰਾਸ਼ਟਰੀ ਵਿਰਾਸਤ ਐਲਾਨਣ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਇਹ ਜਨਹਿੱਤ ਪਟੀਸ਼ਨ ਹਿੰਦੂ ਪਰਸਨਲ ਲਾਅ ਬੋਰਡ ਨਾਂ ਦੀ ਸੰਸਥਾ ਦੇ ਪ੍ਰਧਾਨ ਅਸ਼ੋਕ ਪਾਂਡੇ ਨੇ ਦਾਇਰ ਕੀਤੀ ਸੀ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਧਨੁਸ਼ਕੋਡੀ ਨੇੜੇ ਸਮੁੰਦਰ ਵਿੱਚ ਰਾਮ ਸੇਤੂ ਤੋਂ 100 ਮੀਟਰ ਤੱਕ ਅਤੇ ਜੇਕਰ ਸੰਭਵ ਹੋਵੇ ਤਾਂ ਇੱਕ ਕਿਲੋਮੀਟਰ ਤੱਕ ਦੀਵਾਰ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਨਾਲ ਜੁੜੀ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸਮੁੰਦਰ ਦਾ ਪਾਣੀ ਵਧਣ ਕਾਰਨ ਰਾਮ ਸੇਤੂ ਦੇ ਦਰਸ਼ਨ ਕਰਨ ‘ਚ ਦਿੱਕਤ ਆ ਰਹੀ ਹੈ। ਜੇਕਰ ਦੋਵੇਂ ਪਾਸੇ ਕੁਝ ਦੂਰੀ ਤੱਕ ਦੀਵਾਰ ਬਣਾਈ ਜਾਵੇ ਤਾਂ ਰਾਮ ਸੇਤੂ ਆਸਾਨੀ ਨਾਲ ਦਿਖਾਈ ਦੇਵੇਗਾ।

ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁੱਛਿਆ ਕਿ ਦੋਵੇਂ ਪਾਸੇ ਦੀਵਾਰ ਕਿਵੇਂ ਬਣਾਈ ਜਾ ਸਕਦੀ ਹੈ? ਇਸ ‘ਤੇ ਪਟੀਸ਼ਨਰ ਨੇ ਕਿਹਾ ਕਿ ਇਕ ਪਾਸੇ ਕੀਤਾ ਜਾਵੇ। ਬਾਅਦ ਵਿੱਚ ਸੁਪਰੀਮ ਕੋਰਟ ਨੇ ਇਸ ਜਨਹਿੱਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਪ੍ਰਸ਼ਾਸਨਿਕ ਫੈਸਲਾ ਹੈ ਤਾਂ ਅਦਾਲਤ ਦੀਵਾਰ ਬਣਾਉਣ ਦੇ ਨਿਰਦੇਸ਼ ਕਿਵੇਂ ਦੇ ਸਕਦੀ ਹੈ? ਇਹ ਪਟੀਸ਼ਨ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਬੈਂਚ ਸਾਹਮਣੇ ਸੁਣਵਾਈ ਲਈ ਆਈ ਸੀ।

ਸੁਪਰੀਮ ਕੋਰਟ ਨੇ ਇਸ ਜਨਹਿਤ ਪਟੀਸ਼ਨ ਨੂੰ ਇਕ ਹੋਰ ਪਟੀਸ਼ਨ ਨਾਲ ਜੋੜਨ ਤੋਂ ਵੀ ਇਨਕਾਰ ਕਰ ਦਿੱਤਾ, ਜਿਸ ਵਿਚ ਸਮਾਰਕ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕਰਨ ਦੇ ਨਿਰਦੇਸ਼ ਦੀ ਮੰਗ ਕੀਤੀ ਗਈ ਸੀ। ‘ਰਾਮ ਸੇਤੂ’ (Ram Setu) ਜਿਸ ਨੂੰ ਐਡਮ ਬ੍ਰਿਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਹ ਤਾਮਿਲਨਾਡੂ ਦੇ ਦੱਖਣ-ਪੂਰਬੀ ਤੱਟ ‘ਤੇ ਪੰਬਨ ਟਾਪੂ ਅਤੇ ਸ਼੍ਰੀਲੰਕਾ ਦੇ ਉੱਤਰ-ਪੱਛਮੀ ਤੱਟ ‘ਤੇ ਮੰਨਾਰ ਟਾਪੂ ਦੇ ਵਿਚਕਾਰ ਚੂਨੇ ਦੇ ਪੱਥਰਾਂ ਦੀ ਇੱਕ ਲੜੀ ਹੈ। ਹਿੰਦੂ ਧਰਮ ਵਿੱਚ ਰਾਮ ਸੇਤੂ ਦੀ ਬਹੁਤ ਮਾਨਤਾ ਹੈ |

Scroll to Top