ਚੰਡੀਗੜ੍ਹ, 09 ਜੂਨ 2023: ਸੁਪਰੀਮ ਕੋਰਟ ਨੇ ਹਿੰਸਾ ਪ੍ਰਭਾਵਿਤ ਮਣੀਪੁਰ (Manipur) ਵਿੱਚ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰਨ ਵਿਰੁੱਧ ਦਾਇਰ ਪਟੀਸ਼ਨ ਦੀ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਹਾਈਕੋਰਟ ਵਿੱਚ ਪਹਿਲਾਂ ਹੀ ਚੱਲ ਰਹੀ ਹੈ। ਕਾਰਵਾਈ ਨੂੰ ਦੁਹਰਾਉਣ ਦਾ ਕੋਈ ਮਤਲਬ ਨਹੀਂ ਹੈ। ਇਸ ਨੂੰ ਰੈਗੂਲਰ ਬੈਂਚ ਦੇ ਸਾਹਮਣੇ ਆਉਣ ਦਿਓ।
ਤੁਹਾਨੂੰ ਦੱਸ ਦਈਏ ਕਿ ਮਣੀਪੁਰ ਵਿੱਚ ਬਹੁਗਿਣਤੀ ਮੇਤੈਈ ਭਾਈਚਾਰੇ ਵੱਲੋਂ ਜਨਜਾਤੀ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਹਿੰਸਾ ਭੜਕ ਗਈ ਸੀ। 3 ਮਈ ਤੋਂ ਸ਼ੁਰੂ ਹੋਈ ਇਸ ਹਿੰਸਾ ਕਾਰਨ ਸੂਬੇ ‘ਚ ਹੁਣ ਤੱਕ 90 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮਣੀਪੁਰ (Manipur) ਸਰਕਾਰ ਨੇ ਸਾਵਧਾਨੀ ਦੇ ਤੌਰ ‘ਤੇ ਸੂਬੇ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ‘ਚ ਵਕੀਲ ਚੋਂਗਾਥਮ ਵਿਕਟਰ ਸਿੰਘ ਅਤੇ ਕਾਰੋਬਾਰੀ ਮਾਏਗਬਮ ਜੇਮਸ ਨੇ ਹਾਲ ਹੀ ‘ਚ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਇੰਟਰਨੈੱਟ ਸੇਵਾ ਬਹਾਲ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨਕਰਤਾਵਾਂ ਦਾ ਕਹਿਣਾ ਹੈ ਕਿ ਪੂਰੇ ਸੂਬੇ ਵਿੱਚ ਕਰੀਬ ਇੱਕ ਮਹੀਨੇ ਤੋਂ ਇੰਟਰਨੈੱਟ ਬੰਦ ਹੋਣ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ।