ਚੰਡੀਗੜ੍ਹ, 11 ਮਈ 2023: ਅਲ-ਕਾਦਿਰ ਟਰੱਸਟ ਘੁਟਾਲੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਗ੍ਰਿਫਤਾਰੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ। ਇਮਰਾਨ ਦੀ ਪਾਰਟੀ ਪੀਟੀਆਈ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ- ਇਮਰਾਨ ਖਾਨ ਨੂੰ ਇਕ ਘੰਟੇ ‘ਚ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ । ਤੁਸੀਂ ਅਦਾਲਤ ਵਿੱਚੋਂ ਕਿਸੇ ਨੂੰ ਕਿਵੇਂ ਚੁੱਕ ਸਕਦੇ ਹੋ। ਇਹ ਅਦਾਲਤ ਦਾ ਅਪਮਾਨ ਹੈ। ਬਾਕੀ ਮਾਮਲੇ ਦੀ ਸੁਣਵਾਈ ਬਾਅਦ ਵਿੱਚ ਕਰਾਂਗੇ। ਇਸਤੋਂ ਬਾਅਦ ਇਮਰਾਨ ਖਾਨ ਨੂੰ ਸੁਪਰੀਮ ਕੋਰਟ ‘ਚ ਪੇਸ਼ ਕੀਤਾ ਗਿਆ । ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਸਲਾਮਾਬਾਦ ਹਾਈਕੋਰਟ ਤੋਂ ਇਮਰਾਨ ਖਾਨ ਦੀ ਗ੍ਰਿਫਤਾਰੀ ‘ਤੇ ਪਾਕਿਸਤਾਨ ਦੀ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਨੈਬ ਦੀ ਕਾਰਵਾਈ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਅਦਾਲਤ ਨੇ ਕਿਹਾ ਕਿ ਹਾਈਕੋਰਟ ‘ਚ ਜੋ ਵੀ ਹੋਇਆ, ਉਹ ਨਿਆਂਪਾਲਿਕਾ ਦੇ ਅਕਸ ‘ਤੇ ਹਮਲਾ ਹੈ। ਅਦਾਲਤ ਨੇ ਐੱਨਏਬੀ ਨੂੰ ਇਮਰਾਨ ਖਾਨ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 4.30 ਵਜੇ ਤੱਕ ਸੁਪਰੀਮ ਕੋਰਟ ‘ਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸਰਕਾਰ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਸੁਪਰੀਮ ਕੋਰਟ ਇੱਕ ਦਹਿਸ਼ਤ ਗਰਦ ਨੂੰ ਸ਼ਹਿ ਦੇ ਰਹੀ ਹੈ। 9 ਨੂੰ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਇਕ ਸਾਜ਼ਿਸ਼ ਤਹਿਤ ਹਿੰਸਾ ਫੈਲਾਈ ਗਈ ਸੀ। ਫੌਜ ‘ਤੇ ਹਮਲਾ ਕੀਤਾ ਗਿਆ। ਇਸਲਾਮਾਬਾਦ ਹਾਈਕੋਰਟ ਅਤੇ ਰਾਸ਼ਟਰੀ ਜਵਾਬਦੇਹੀ ਅਦਾਲਤ ਨੇ ਖੁਦ ਕਿਹਾ ਹੈ ਕਿ ਗ੍ਰਿਫਤਾਰੀ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਸੀ। ਅਜਿਹੇ ‘ਚ ਸਿਰਫ 48 ਘੰਟਿਆਂ ‘ਚ ਸੁਪਰੀਮ ਕੋਰਟ ਦੇ ਪੇਟ ‘ਚ ਦਰਦ ਹੋਣਾ ਸਾਡੀ ਸਮਝ ਤੋਂ ਬਾਹਰ ਹੈ।
ਸਾਬਕਾ ਵਿਦੇਸ਼ ਮੰਤਰੀ ਅਤੇ ਇਮਰਾਨ ਖਾਨ (Imran Khan) ਦੇ ਕਰੀਬੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਪਾਕਿਸਤਾਨ ‘ਚ ਵਿਗੜਦੇ ਹਾਲਾਤ ਅਤੇ ਸਿਆਸੀ ਉਥਲ-ਪੁਥਲ ਵਿਚਾਲੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ । ਇਸ ਤੋਂ ਪਹਿਲਾਂ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੇ ਅੱਠ ਦਿਨਾਂ ਲਈ ਰਿਮਾਂਡ ‘ਤੇ ਭੇਜ ਦਿੱਤਾ ਸੀ। ਦੇਸ਼ ‘ਚ ਵਿਰੋਧ ਪ੍ਰਦਰਸ਼ਨ ਜਾਰੀ ਹਨ ਅਤੇ ਰਾਜਧਾਨੀ ਇਸਲਾਮਾਬਾਦ ਤੋਂ ਇਲਾਵਾ ਤਿੰਨ ਸੂਬਿਆਂ ‘ਚ ਫੌਜ ਤਾਇਨਾਤ ਕੀਤੀ ਗਈ ਹੈ।