ਚੰਡੀਗੜ੍ਹ 02 ਦਸੰਬਰ 2022: ਸੁਪਰੀਮ ਕੋਰਟ ਨੇ ਦਿੱਲੀ ਨਗਰ ਨਿਗਮ ਚੋਣਾਂ (Delhi MCD elections) ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਮਾਂ ਬੀਤਣ ਦੇ ਨਾਲ ਇਹ ਪਟੀਸ਼ਨ ਬੇਅਰਥ ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਐੱਮਸੀਡੀ ਚੋਣਾਂ ਲਈ 4 ਦਸੰਬਰ ਨੂੰ ਵੋਟਿੰਗ ਹੋਣੀ ਹੈ ਅਤੇ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ।ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ 4 ਦਸੰਬਰ ਦਿਨ ਐਤਵਾਰ ਨੂੰ ਵੋਟਾਂ ਪੈਣਗੀਆਂ।
ਨੈਸ਼ਨਲ ਯੂਥ ਪਾਰਟੀ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ। ਇਸ ਵਿੱਚ ਚੋਣਾਂ ਲਈ ਵਾਰਡਾਂ ਦੀ ਹੱਦਬੰਦੀ ਨੂੰ ਚੁਣੌਤੀ ਦਿੱਤੀ ਗਈ ਸੀ, ਇਸਦੇ ਨਾਲ ਹੀ ਐਮਸੀਡੀ ਚੋਣਾਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਅਭੈ ਐਸ ਓਕਾ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਐਤਵਾਰ ਨੂੰ ਵੋਟਿੰਗ ਹੋਣੀ ਹੈ, ਇਸ ਲਈ ਉਹ ਇਸ ਸਮੇਂ ਚੋਣਾਂ ਵਿੱਚ ਦਖਲ ਨਹੀਂ ਦੇ ਸਕਦੇ। ਪਟੀਸ਼ਨਕਰਤਾ ਨੇ ਦਿੱਲੀ ਹਾਈਕੋਰਟ ਦੇ 9 ਨਵੰਬਰ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਤਹਿਤ ਅਦਾਲਤ ਨੇ ਨਗਰ ਨਿਗਮ ਚੋਣਾਂ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।