Punjab Police

ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਖੇਤੀ ਨੀਤੀ ਬਾਰੇ ਮਾਹਰਾਂ ਤੇ ਕਿਸਾਨਾਂ ਦੇ ਸੁਝਾਅ ਮੰਗੇ

ਗੁਰਦਾਸਪੁਰ, 24 ਮਾਰਚ 2023: ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਬਣਾਈ ਜਾ ਰਹੀ ਹੈ। ਰਾਜ ਸਰਕਾਰ ਵੱਲੋਂ ਖੇਤੀ ਨੀਤੀ ਨੂੰ ਤਿਆਰ ਕਰ ਲਈ ਖੇਤੀ ਮਾਹਰਾਂ, ਕਿਸਾਨਾਂ ਅਤੇ ਮਾਰਕਟਿੰਗ ਦੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਵੀਂ ਖੇਤੀਬਾੜੀ ਨੀਤੀ ਪੰਜਾਬ ਦੀ ਭੂਗੋਲਿਕ ਸਥਿਤੀ, ਮਿੱਟੀ ਦੀ ਸਿਹਤ, ਫਸਲਾਂ ਤੇ ਪਾਣੀ ਦੀ ਉਪਲੱਬਧਤਾ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਲੋਕਾਂ ਦੇ ਸੁਝਾਵਾਂ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਵੇਗੀ।

ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਦੀਆਂ ਫਸਲਾਂ, ਪਾਣੀ ਅਤੇ ਮਿੱਟੀ ਤੇ ਵਾਤਾਵਰਣ ਨੂੰ ਕੇਂਦਰ ’ਚ ਰੱਖ ਕੇ ਸੂਬਾ ਸਰਕਾਰ ਖੇਤੀ ਮਾਹਿਰਾਂ, ਖੇਤੀ ਵਿਗਿਆਨੀਆਂ ਅਤੇ ਤਜ਼ਰਬੇਕਾਰ ਲੋਕਾਂ ਦੀ ਮਦਦ ਨਾਲ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਇਸ ਸਾਲ ਜੂਨ ਮਹੀਨੇ ਦੇ ਅੰਤ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਉਨਾਂ ਕਿਹਾ ਕਿ ਆਮ ਲੋਕ ਅਤੇ ਕਿਸਾਨ ਵੀ ਇਸ ਨਵੀਂ ਖੇਤੀ ਨੀਤੀ ਸਬੰਧੀ 31 ਮਾਰਚ ਤੱਕ ਆਪਣੇ ਸੁਝਾਅ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬ ਵਾਸੀ ਵੱਟਸਐਪ ਨੰਬਰ 75080-18998 ਜਾਂ ਫੋਨ ਨੰਬਰ 0172-2969340 ਜਾਂ ਈਮੇਲ farmercomm@punjabmail.gov.in ’ਤੇ ਖੇਤੀ ਨੀਤੀ ਸਬੰਧੀ ਆਪਣੇ ਸੁਝਾਅ ਭੇਜ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ, ਏਅਰਪੋਰਟ ਰੋਡ, ਮੋਹਾਲੀ ਦੇ ਪਤੇ ‘ਤੇ ਚਿੱਠੀ ਰਾਹੀਂ ਵੀ ਸੁਝਾਅ ਭੇਜੇ ਜਾ ਸਕਦੇ ਹਨ।

ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਸੂਬੇ ਦੀ ਕਿਰਸਾਨੀ ਲਈ ਚੰਗੀਆਂ, ਠੋਸ ਅਤੇ ਸਾਰਥਕ ਨੀਤੀਆਂ ਲੈ ਕੇ ਆਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਤੇ ਗਲਤ ਨੀਤੀਆਂ ਕਾਰਨ ਪੰਜਾਬ ਦਾ ਸ਼ੁੱਧ ਪਾਣੀ, ਸ਼ੁੱਧ ਹਵਾ ਤੇ ਵਾਤਾਵਰਣ ਅਤੇ ਸਿਹਤਮੰਦ ਉਪਜਾਊ ਭੂਮੀ ਹੁਣ ਦੂਸ਼ਤ ਪਾਣੀ, ਜ਼ਹਿਰੀਲੀ ਹਵਾ ਅਤੇ ਗੈਰ-ਉਪਜਾਊ ਭੂਮੀ ਵਿੱਚ ਬਦਲ ਰਹੀ ਹੈ। ਉਨਾਂ ਕਿਹਾ ਕਿ ਇਸ ਵਰਤਾਰੇ ਨੂੰ ਹੁਣ ਸਾਫ਼ ਨੀਤੀ ਤੇ ਨੀਅਤ ਨਾਲ ਬਦਲਿਆ ਜਾਵੇਗਾ।

Scroll to Top