ਜਲੰਧਰ, 26 ਮਈ 2023: ਜਲੰਧਰ ਦੇ ਸੰਵਿਧਾਨ ਚੌਕ ਵਿਖੇ ਐੱਸਸੀ ਵਿਦਿਆਰਥੀਆਂ (Students) ਨੇ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਅਤੇ ਚੌਕ ਜਾਮ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਥਾਣਾ ਬਾਰਾਦਰੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ।ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਆਗੂ ਨਵਦੀਪ ਦਕੋਹਾ, ਵਿਸ਼ਾਲ ਨੁਸੀ, ਕਮਲਜੀਤ ਕੁਮਾਰ ਅਤੇ 6 ਤੋਂ 7 ਵਿਦਿਆਰਥਣਾਂ ਨੂੰ ਹਿਰਾਸਤ ਵਿੱਚ ਲੈ ਲਿਆ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮੋਬਾਈਲ ਵੀ ਖੋਹ ਲਏ ਗਏ ਹਨ।
ਦਰਅਸਲ ਅੱਜ ਐਸਸੀ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਮਾਹੌਲ ਭਖ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਪੁਲਿਸ ਦਾ ਇਹ ਰਵੱਈਆ ਅਤਿ ਨਿੰਦਣਯੋਗ ਹੈ। ਇਸ ਤੋਂ ਬਾਅਦ ਸਾਰੇ ਵਿਦਿਆਰਥੀ ਥਾਣਾ ਬਾਰਾਦਰੀ ਦੇ ਬਾਹਰ ਪਹੁੰਚ ਗਏ।
ਵਿਦਿਆਰਥੀਆਂ (Students) ਦਾ ਕਹਿਣਾ ਹੈ ਕਿ ਸਰਕਾਰ ਨੇ ਅਜੇ ਤੱਕ ਉਨ੍ਹਾਂ ਨੂੰ ਐਸਸੀ ਸਕਾਲਰਸ਼ਿਪ ਦੇ ਪੈਸੇ ਜਾਰੀ ਨਹੀਂ ਕੀਤੇ ਹਨ। ਜਿਸ ਕਾਰਨ ਉਨ੍ਹਾਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ। ਇਸੇ ਤਹਿਤ ਇਹ ਧਰਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਵੀ ਪ੍ਰੀਖਿਆ ਹੈ ਪਰ ਪੁਲਿਸ ਦੇ ਇਸ ਰਵੱਈਏ ਤੋਂ ਬਾਅਦ ਜੇਕਰ ਉਨ੍ਹਾਂ ਦਾ ਇਮਤਿਹਾਨ ਰੱਦ ਹੋ ਜਾਂਦਾ ਹੈ ਤਾਂ ਸਮੂਹ ਵਿਦਿਆਰਥੀਆਂ ਵਿੱਚ ਭਾਰੀ ਰੋਸ ਹੋਵੇਗਾ।
ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਥਾਣਾ ਬਾਰਾਂਦਰੀ ਪਹੁੰਚ ਗਏ ਹਨ। ਇਸ ਦੌਰਾਨ ਪੁਲਿਸ ਨੇ ਥਾਣੇ ਦਾ ਗੇਟ ਬੰਦ ਕਰ ਦਿੱਤਾ ਅਤੇ ਸਾਬਕਾ ਵਿਧਾਇਕ ਵੀ ਪੁਲਿਸ ਅਧਿਕਾਰੀਆਂ ਸਮੇਤ ਥਾਣੇ ਅੰਦਰ ਮੌਜੂਦ ਹਨ। ਸਾਬਕਾ ਵਿਧਾਇਕ ਨੇ ਭਰੋਸਾ ਦਿੱਤਾ ਹੈ ਕਿ ਉਸ ਨਾਲ ਪੂਰਾ ਇਨਸਾਫ਼ ਕੀਤਾ ਜਾਵੇਗਾ।
ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਨੂੰ ਐਸਸੀ ਸਕਾਲਰਸ਼ਿਪ ਦੇ ਪੈਸੇ ਨਾ ਮਿਲਣ ਕਾਰਨ ਚੱਲ ਰਹੇ ਸੈਸ਼ਨ ਦੌਰਾਨ ਪ੍ਰੇਸ਼ਾਨ ਹੋਣਾ ਪੈਂਦਾ ਹੈ ਅਤੇ ਕਈ ਵਾਰ ਪੈਸੇ ਨਾ ਮਿਲਣ ਕਾਰਨ ਵਿਦਿਅਕ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਨਤੀਜੇ ਰੋਕ ਲਏ ਜਾਂਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਇਮਤਿਹਾਨਾਂ ਲਈ ਭਰੇ ਗਏ ਫਾਰਮ ਵੀ ਰੋਕ ਲਏ ਗਏ ਹਨ। ਹੁਣ ਐਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਵਿਦਿਆਰਥੀ ਦਾਖ਼ਲਾ ਨਹੀਂ ਲੈ ਸਕਦੇ।