USA

ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ, 20 ਹਜ਼ਾਰ ਤੋਂ ਵੱਧ ਘਰਾਂ ‘ਚ ਬਿਜਲੀ ਗੁੱਲ ਤੇ 500 ਤੋਂ ਵੱਧ ਘਰ ਤਬਾਹ

ਚੰਡੀਗੜ੍ਹ, 29 ਅਪ੍ਰੈਲ 2024: ਅਮਰੀਕਾ (USA) ਦੇ ਆਇਓਵਾ ਅਤੇ ਓਕਲਾਹੋਮਾ ਸੂਬਿਆਂ ਵਿੱਚ ਪਿਛਲੇ ਦੋ ਦਿਨਾਂ ਵਿੱਚ 35 ਤੋਂ ਵੱਧ ਤੂਫ਼ਾਨ ਆਏ ਹਨ। ਵਾਸ਼ਿੰਗਟਨ ਪੋਸਟ ਮੁਤਾਬਕ ਤੂਫਾਨ ਕਾਰਨ ਹੁਣ ਤੱਕ ਇਕ ਬੱਚੇ ਸਮੇਤ 4 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਵੱਧ ਲੋਕ ਜ਼ਖਮੀ ਹਨ।

ਤੂਫਾਨ ਕਾਰਨ ਇਕੱਲੇ ਸਲਫਰ ਸ਼ਹਿਰ ਵਿਚ 30 ਤੋਂ ਵੱਧ ਜਣੇ ਜ਼ਖਮੀ ਹੋਏ ਹਨ। ਇੱਥੋਂ ਦੀਆਂ ਜ਼ਿਆਦਾਤਰ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ ਅਤੇ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। ਆਇਓਵਾ ਅਤੇ ਓਕਲਾਹੋਮਾ ਵਿੱਚ 500 ਤੋਂ ਵੱਧ ਘਰ ਤੂਫਾਨ ਨਾਲ ਤਬਾਹ ਹੋ ਗਏ ਹਨ।

ਓਕਲਾਹੋਮਾ ਦੇ ਗਵਰਨਰ ਕੇਵਿਨ ਸਟਿੱਟ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਤਬਾਹੀ ਮਚੀ ਹੋਈ ਹੈ। ਲੋਕਾਂ ਦੇ ਕਾਰੋਬਾਰ ਨੂੰ ਨੁਕਸਾਨ ਹੋਇਆ ਹੈ। 20 ਹਜ਼ਾਰ ਤੋਂ ਵੱਧ ਘਰਾਂ ਵਿੱਚ ਬਿਜਲੀ ਚਲੀ ਗਈ ਹੈ। ਸਮਾਚਾਰ ਏਜੰਸੀ ਏਪੀ ਦੇ ਅਨੁਸਾਰ, ਸ਼ਨੀਵਾਰ ਅਤੇ ਐਤਵਾਰ ਦੇ ਵਿਚਕਾਰ ਇੱਕੋ ਸਮੇਂ 35 ਤੂਫਾਨ ਰਿਕਾਰਡ ਕੀਤੇ ਗਏ। ਜਦੋਂ ਕਿ ਸ਼ੁੱਕਰਵਾਰ ਨੂੰ ਇਹ ਅੰਕੜਾ 70 ਤੋਂ ਪਾਰ ਸੀ।

ਵ੍ਹਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਜੋਅ ਬਾਈਡਨ (USA) ਨੇ ਐਤਵਾਰ ਨੂੰ ਓਕਲਾਹੋਮਾ ਦੇ ਗਵਰਨਰ ਨਾਲ ਗੱਲ ਕੀਤੀ ਅਤੇ ਮੱਦਦ ਦਾ ਭਰੋਸਾ ਦਿੱਤਾ। ਅਧਿਕਾਰੀਆਂ ਮੁਤਾਬਕ ਸ਼ਨੀਵਾਰ ਰਾਤ ਨੂੰ ਸ਼ਹਿਰ ‘ਚ ਤੂਫਾਨ ਕਾਰਨ ਭਾਰੀ ਮੀਂਹ ਪਿਆ, ਜਿਸ ਕਾਰਨ ਇਲਾਕੇ ‘ਚ ਹੜ੍ਹ ਆ ਗਿਆ। ਇਸ ਦੇ ਪ੍ਰਭਾਵ ਕਾਰਨ ਕਈ ਕਾਰਾਂ ਪਲਟ ਗਈਆਂ ਅਤੇ ਇਮਾਰਤਾਂ ਦੀਆਂ ਛੱਤਾਂ ਅਤੇ ਕੰਧਾਂ ਟੁੱਟ ਗਈਆਂ। ਇਸ ਤੋਂ ਬਾਅਦ ਲੋਕਾਂ ਦੀ ਮੱਦਦ ਲਈ ਐਮਰਜੈਂਸੀ ਟੀਮਾਂ ਭੇਜੀਆਂ ਗਈਆਂ।

ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਦੀਆਂ 12 ਕਾਉਂਟੀਆਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਓਕਲਾਹੋਮਾ ਮੌਸਮ ਸੇਵਾ ਨੇ ਐਤਵਾਰ ਨੂੰ 250 ਤੂਫਾਨ ਚਿਤਾਵਨੀਆਂ ਅਤੇ 494 ਗੰਭੀਰ ਤੂਫਾਨ ਚਿਤਾਵਨੀਆਂ ਜਾਰੀ ਕੀਤੀਆਂ।

Scroll to Top