25 ਅਕਤੂਬਰ 2024: ਪੰਜਾਬ ਵਿੱਚ ਲਗਾਤਾਰ ਪਰਾਲੀ ਸਾੜਨ ( stubble burning ) ਦਾ ਸਿਲਸਿਲਾ ਹਜੇ ਤੱਕ ਜਾਰੀ ਹੈ, ਜਿੱਥੇ ਸੂਬੇ ਦੀ ਹਵਾ ਦੂਸ਼ਿਤ ਹੋ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਅੰਮ੍ਰਿਤਸਰ (amritsar) ਜ਼ਿਲ੍ਹੇ ਨੂੰ ਦੇਸ਼ ਦਾ ਚੌਥਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਅੰਮ੍ਰਿਤਸਰ ਦਾ AQI ਰੈੱਡ ਜ਼ੋਨ (ਬਹੁਤ ਮਾੜਾ ਪੱਧਰ) 310, ਗੋਬਿੰਦਗੜ੍ਹ ਦਾ AQI 219, ਪਟਿਆਲਾ ਦਾ 202 ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਜਲੰਧਰ ਦੀ ਗੱਲ ਕਰੀਏ ਤਾਂ AQI 157, ਲੁਧਿਆਣਾ ਵਿੱਚ 152, ਖੰਨਾ ਵਿੱਚ 136 ਅਤੇ ਬਠਿੰਡਾ ਵਿੱਚ 136 ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਫ਼ਿਰੋਜ਼ਪੁਰ (32) ਵਿੱਚ ਸਾਹਮਣੇ ਆਏ, ਜਦੋਂ ਕਿ ਸੰਗਰੂਰ ਵਿੱਚ 18 ਅਤੇ ਤਰਨਤਾਰਨ ਵਿੱਚ 13 ਮਾਮਲੇ ਦਰਜ ਕੀਤੇ ਗਏ। ਸੂਬੇ ਵਿੱਚ ਕੁੱਲ 108 ਨਵੇਂ ਮਾਮਲੇ( new cases) ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਗਿਣਤੀ 1995 ਤੱਕ ਪਹੁੰਚ ਗਈ ਹੈ।
ਸਾਹ ਦੀਆਂ ਬਿਮਾਰੀਆਂ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ
ਪਰਾਲੀ ਸਾੜਨ ਨਾਲ ਪੈਦਾ ਹੋਏ ਧੂੰਏਂ ਦਾ ਖ਼ਤਰਾ ਇੱਕ ਵਾਰ ਫਿਰ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਮੰਡਰਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਕਤੂਬਰ ਅਤੇ ਨਵੰਬਰ ਮਹੀਨੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਨਾਲ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਕਿਸਾਨ ਪਰਾਲੀ ਸਾੜਦੇ ਹਨ, ਜਿਸ ਕਾਰਨ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਧੂੰਏਂ ਦੀ ਸੰਘਣੀ ਚਾਦਰ ਫੈਲ ਗਈ ਹੈ।ਇਸ ਧੂੰਏਂ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਸਾਹ ਦੀਆਂ ਬਿਮਾਰੀਆਂ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਪਿਛਲੇ ਸਾਲਾਂ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ ਵੀ ਸਥਿਤੀ ਗੰਭੀਰ ਹੋ ਸਕਦੀ ਹੈ। ਭਾਵੇਂ ਸਰਕਾਰ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਕਈ ਉਪਰਾਲੇ ਕੀਤੇ ਹਨ, ਪਰ ਹੁਣ ਤੱਕ ਇਸ ਦਾ ਉਮੀਦ ਅਨੁਸਾਰ ਅਸਰ ਦਿਖਾਈ ਨਹੀਂ ਦੇ ਰਿਹਾ ਹੈ।