July 5, 2024 6:38 am
Jai Krishna Singh Rouri

ਪੰਜਾਬ ਸੂਬਾ ਜਲਦ ਹੀ ਖੇਡਾਂ ਨੂੰ ਲੈ ਕੇ ਪੂਰੇ ਭਾਰਤ ‘ਚੋਂ ਪਹਿਲੇ ਨੰਬਰ ‘ਤੇ ਹੋਵੇਗਾ: ਜੈ ਕ੍ਰਿਸ਼ਨ ਸਿੰਘ ਰੋੜੀ

ਰੂਪਨਗਰ, 15 ਮਾਰਚ 2023: ਪੰਜਾਬ ਸਰਕਾਰ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਖੇਡਾਂ ਨੂੰ ਲੈ ਕੇ ਲਗਾਤਾਰ ਯਤਨਸ਼ੀਲ ਹੈ ਤੇ ਖੇਡਾਂ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਵੀ ਨਿਰੰਤਰ ਜਾਰੀ ਹਨ। ਜਲਦ ਹੀ ਸਾਡਾ ਸੂਬਾ ਪੰਜਾਬ ਖੇਡਾਂ ਨੂੰ ਲੈ ਕੇ ਪੂਰੇ ਭਾਰਤ ਵਿੱਚੋਂ ਪਹਿਲੇ ਨੰਬਰ ਤੇ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਜੈ ਕ੍ਰਿਸ਼ਨ ਸਿੰਘ ਨੇ 31 ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਲਿਆਂਦੀ ਗਈ ਪਵਿੱਤਰ ਜੋਤ ਪ੍ਰਜਲਵਿਤ ਕੀਤੀ ਗਈ ਤੇ ਏਕਤਾ ਦਾ ਪ੍ਰਤੀਕ ਰੰਗ ਬਿਰੰਗੇ ਗੁਬਾਰੇ ਤੇ ਕਬੂਤਰ ਆਸਮਾਨ ਵਿੱਚ ਛੱਡੇ ਗਏ।

ਜੈ ਕ੍ਰਿਸ਼ਨ ਸਿੰਘ ਰੋੜੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਇਸ ਮੈਦਾਨ ਵਿੱਚ ਰਾਸ਼ਟਰੀ ਪੱਧਰ ਤੇ ਹਾਕੀ ਟੂਰਨਾਮੈਂਟ ਕਰਵਾਉਣਾ ਜਿੱਥੇ ਆਸਾਨ ਕੰਮ ਨਹੀਂ ਹੈ ਉੱਥੇ ਲਗਾਤਾਰ ਟੂਰਨਾਮੈਂਟ ਕਰਵਾਉਣਾ ਉਸ ਤੋਂ ਵੀ ਜ਼ਿਆਦਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਐਡਵੋਕੇਟ ਐਸ.ਐਸ.ਸੈਣੀ ਜਨਰਲ ਸਕੱਤਰ ਅਤੇ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।

ਉਨ੍ਹਾਂ ਕਿਹਾ ਕਿ ਹਾਕਸ ਕਲੱਬ ਵੱਲੋਂ ਓਲੰਪੀਅਨ ਸ. ਪ੍ਰਗਟ ਸਿੰਘ, ਸ.ਧਰਮਵੀਰ ਸਿੰਘ ਅਤੇ ਸ.ਗੁਰਿੰਦਰ ਸਿੰਘ ਵਰਗੇ ਵਿਸ਼ਵ ਪੱਧਰ ਦੇ ਨਾਮਵਰ ਹਾਕੀ ਖਿਡਾਰੀ ਪੈਦਾ ਕੀਤੇ ਗਏ ਹਨ। ਜੋ ਕਿ ਇਸ ਕਲੱਬ ਲਈ ਬਹੁਤ ਮਾਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿਰਫ ਹਾਕੀ ਹੀ ਅਜਿਹੀ ਖੇਡ ਹੈ ਜਿਸ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਤੋਂ ਬਿਨਾਂ ਟੀਮ ਅਧੂਰੀ ਰਹਿੰਦੀ ਹੈ। ਸੂਬੇ ਨੂੰ ਇਹ ਮਾਣ ਪ੍ਰਾਪਤ ਹੈ ਕਿ ਦੇਸ਼ ਦੀ ਹਾਕੀ ਦੀ ਟੀਮ ਵਿੱਚ ਵੱਡੇ ਖਿਡਾਰੀ ਪੰਜਾਬ ਤੋਂ ਹੀ ਹਨ।

ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸੰਬੋਧਨ ਕਰਦਿਆਂ ਹਾਕਸ ਕਲੱਬ ਵੱਲੋਂ ਕਰਵਾਏ ਜਾਂਦੇ ਇਸ ਹਾਕੀ ਫੈਸਟੀਵਲ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਲੱਬ ਵੱਲੋਂ ਆਰੰਭੇ ਜਾਣ ਵਾਲੇ ਸਟੇਡੀਅਮ ਦੇ ਨਵੀਨੀਕਰਨ ਲਈ ਜਿਸ ਤੇ ਘੱਟੋ-ਘੱਟ 1 ਕਰੋੜ ਦਾ ਖਰਚ ਆਵੇਗਾ, ਲਈ ਗ੍ਰਾਂਟ ਦੀ ਮੰਗ ਵੀ ਕੀਤੀ। ਜਿਸ ਤੇ ਗੌਰ ਕਰਦਿਆਂ ਸ.ਜੈ ਕਿਸ਼ਨ ਸਿੰਘ ਰੋੜੀ ਵੱਲੋਂ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਪਹਿਲੀ ਕਿਸ਼ਤ ਵਜੋਂ ਦਿੰਦਿਆਂ ਭਵਿੱਖ ਵਿੱਚ ਵੀ ਕਲੱਬ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਐਸ.ਡੀ.ਐਮ. ਸ. ਹਰਬੰਸ ਸਿੰਘ, ਡੀ.ਐਸ.ਪੀ. ਸ. ਗੁਰਮੀਤ ਸਿੰਘ, ਫੈਸਟੀਵਲ ਕਮੇਟੀ ਦੇ ਸਕੱਤਰ ਸ. ਜਸਬੀਰ ਸਿੰਘ ਰਾਏ, ਸ. ਹਰਜੀਤ ਸਿੰਘ, ਸ਼ਿਵ ਕੁਮਾਰ ਲਾਲਪੁਰਾ, ਸ. ਸੁਰਜਨ ਸਿੰਘ, ਐਡਵੋਕੇਟ ਗੌਰਵ ਕਪੂਰ, ਐਡਵੋਕੇਟ ਵਿਕਰਮ ਗਰਗ, ਸੁਦੀਪ ਵਿਜ, ਨਵੀਨ ਦਰਦੀ ਅਤੇ ਹੋਰ ਖੇਡ ਪ੍ਰੇਮੀ ਅਤੇ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।