Turkey and Syria

ਤੁਰਕੀ ਅਤੇ ਸੀਰੀਆ ’ਚ ਭੂਚਾਲ ਦੌਰਾਨ ਮਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਂਜਲੀ

ਅੰਮ੍ਰਿਤਸਰ, 08 ਫਰਵਰੀ 2023: ਬੀਤੇ ਦਿਨੀਂ ਤੁਰਕੀ ਅਤੇ ਸੀਰੀਆ (Turkey and Syria) ’ਚ ਆਏ ਭਿਆਨਕ ਭੂਚਾਲ ਦੌਰਾਨ ਅਕਾਲ ਚਲਾਣਾ ਕਰ ਗਏ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਜਲੀ ਦਿੱਤੀ ਗਈ। ਇਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਮੂਲਮੰਤਰ ਅਤੇ ਗੁਰਮੰਤਰ ਦਾ ਜਾਪ ਕਰਕੇ ਵਿਛੜੀਆਂ ਰੂਹਾਂ ਨਮਿਤ ਅਰਦਾਸ ਕੀਤੀ ਗਈ |

ਇਸ ਦੌਰਾਨ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਵੀ ਕਾਮਨਾ ਕੀਤੀ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਕੱਲ੍ਹ ਤੁਰਕੀ ਅਤੇ ਸੀਰੀਆ (Turkey and Syria) ਦੇ ਭੂਚਾਲ ਪ੍ਰਭਾਵਿਤ ਖੇਤਰਾਂ ਵਿਚ ਮਾਨਵ ਭਲਾਈ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦਿਆਂ ਸਰਕਾਰਾਂ ਨੂੰ ਪੱਤਰ ਵੀ ਲਿਖੇ ਸਨ | ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਇਸ ਕੁਦਰਤੀ ਆਫ਼ਤ ਦੇ ਪੀੜ੍ਹਤਾਂ ਦੀ ਵੀ ਮਦਦ ਕੀਤੀ ਜਾਵੇ।

ਇਸੇ ਤਹਿਤ ਹੀ ਕੌਮ ਵੱਲੋਂ ਸੰਵੇਦਨਾ ਪ੍ਰਗਟ ਕਰਦਿਆਂ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅਰਦਾਸ ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਵਕਤ ਸਮੁੱਚੀ ਮਾਨਵਤਾ ਤੁਰਕੀ ਅਤੇ ਸੀਰੀਆ ਦੇ ਲੋਕਾਂ ਨਾਲ ਹਮਦਰਦੀ ਰੱਖਦੀ ਹੈ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੀ ਇਸ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਹੀ ਮਨੁੱਖਤਾ ਦਾ ਭਲਾ ਚਾਹੁੰਦੇ ਹਨ ਅਤੇ ਮੌਜੂਦਾ ਸੰਕਟ ਦੌਰਾਨ ਵੀ ਹਰ ਤਰ੍ਹਾਂ ਦੀਆਂ ਮਾਨਵੀ ਸੇਵਾਵਾਂ ਨਿਭਾਉਣ ਲਈ ਸ਼੍ਰੋਮਣੀ ਕਮੇਟੀ ਤਿਆਰ ਹੈ।

Scroll to Top